ਦੀਨਾਨਗਰ: ਵਿਧਾਨ ਸਭਾ ਹਲਕਾ ਮਕੌੜਾ ਦੇ ਚੱਕ ਰਾਮ ਸਹਾਏ ਖੱਡ ‘ਤੇ ਇਕ ਟਿੱਪਰ ਚਾਲਕ ਰੇਤ ਭਰਨ ਜਾ ਰਿਹਾ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਉਹ ਦਰਿਆ ਵਿੱਚ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਤਫ਼ਤੀਸ਼ੀ ਅਫ਼ਸਰ ਹਰਬੰਸ ਨਲ ਨੇ ਦੱਸਿਆ ਕਿ ਜੋਗਾ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਸਰਾਏ ਥਾਣਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਉਸ ਦਾ ਭਰਾ ਹਰਮਨਪ੍ਰੀਤ ਸਿੰਘ (24) ਟਰੱਕ ‘ਤੇ ਸਵਾਰ ਹੋ ਕੇ ਚੱਕ ਰਾਮ ਸਹਾਏ ਪਵਨ ਸਿੰਘ ਦੀ ਖੱਡ ‘ਚੋਂ ਰੇਤਾ ਚੁੱਕਣ ਲਈ ਆਇਆ ਸੀ ।
ਜਦੋਂ ਉਹ ਆਪਣਾ ਮੂੰਹ ਅਤੇ ਹੱਥ ਧੋਣ ਲਈ ਰਾਵੀ ਦਰਿਆ ‘ਤੇ ਗਿਆ ਤਾਂ ਉਹ ਅਚਾਨਕ ਤਿਲਕ ਕੇ ਦਰਿਆ ‘ਚ ਡਿੱਗ ਗਿਆ। ਉਸ ਨੇ ਆਪਣੇ ਭਰਾ ਨੂੰ ਬਚਾਉਣ ਦੇ ਲਈ ਦਰਿਆ ਦੇ ਕਿਨਾਰੇ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਮੌਜੂਦ ਦੋ ਪੋਕਲਾਨ ਮਸ਼ੀਂ ਆਪਰੇਟਰਾਂ ਨੂੰ ਮਸ਼ੀਂ ਅੱਗੇ ਲਿਆਉਣ ਲਈ ਕਿਹਾ ਪਰ ਉਨ੍ਹਾਂ ਨੇ ਆਪਣੀ ਮਸ਼ੀਨਾਂ ਅੱਗੇ ਨਹੀਂ ਵਧਾਈਆਂ ਅਤੇ ਕਰੀਬ 10/15 ਮਿੰਟ ਬਾਅਦ ਆਪਣੀ ਪੋਕਲਾਨ ਮਸ਼ੀਨ ਦਰਿਆ ਤੋਂ ਬਾਹਰ ਕੱਢ ਕੇ ਲੈ ਗਏ ਅਤੇ ਉਸ ਦੇ ਭਰਾ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਪੁਲਿਸ ਨੇ ਬਿਆਨ ਦੇਣ ਵਾਲੇ ਵਿਅਕਤੀ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਲਾਸ਼ ਨੂੰ ਦਰਿਆ ‘ਚੋਂ ਬਾਹਰ ਕੱਢਿਆ।












