ਲੰਡਨ: ਲੰਡਨ ਦੇ ਸਾਊਥਾਲ ਇਲਾਕੇ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਗੁਰਭੇਜ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਇਸ ਮਾਮਲੇ ਦੀ ਹੱਤਿਆ ਦੇ ਐਗਲ ਨਾਲ ਜਾਂਚ ਕਰ ਰਹੀ ਹੈ ।
ਅੱਧੀ ਰਾਤ ਨੂੰ ਦੁਕਾਨ ਦੇ ਬਾਹਰ ਹੋਇਆ ਹਮਲਾ
ਪੁਲਿਸ ਰਿਪੋਰਟ ਦੇ ਅਨੁਸਾਰ, ਇਹ ਘਟਨਾ ਬੁੱਧਵਾਰ ਦੇਰ ਰਾਤ (ਲਗਭਗ 12:30 ਵਜੇ) ਉੱਤਰੀ ਰੋਡ ਅਤੇ ਡੋਰਮਰਸ ਵੇਲਜ਼ ਲੇਨ ਦੇ ਚੌਰਾਹੇ ‘ਤੇ ਸਥਿਤ ਇੱਕ ਦੁਕਾਨ ਦੇ ਬਾਹਰ ਵਾਪਰੀ। ਲੰਡਨ ਐਂਬੂਲੈਂਸ ਸਰਵਿਸ ਦੀ ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਥੇ ਦੋ ਵਿਅਕਤੀ ਜ਼ਖਮੀ ਪਾਏ ਗਏ। ਗੁਰਬੇਜ ਸਿੰਘ ਨੂੰ ਚਾਕੂ ਨਾਲ ਡੂੰਘਾ ਜ਼ਖ਼ਮ ਹੋਇਆ ਸੀ। ਮੈਡੀਕਲ ਸਟਾਫ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ‘ਚ ਦੂਸਰਾ ਵਿਅਕਤੀ (ਉਮਰ 30 ਤੋਂ 40 ਸਾਲ) ਵੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
7 ਵਿਅਕਤੀ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
ਮੈਟਰੋਪੋਲੀਟਨ ਪੁਲਿਸ ਦੀ ‘ਸਪੈਸ਼ਲਿਸਟ ਕ੍ਰਾਈਮ ਕਮਾਂਡ’ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਹੀ 20 ਤੋਂ 30 ਸਾਲ ਦੀ ਉਮਰ ਦੇ 7 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਅਤੇ ਮੁੱਢਲੀ ਜਾਂਚ ਤੋਂ ਬਾਅਦ 6 ਵਿਅਕਤੀਆਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਇਕ ਦੋਸ਼ੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਨੂੰ ਬਾਅਦ ਵਿਚ ਪੇਸ਼ ਹੋਣਾ ਪਵੇਗਾ। ਡਿਟੈਕਟਿਵ ਚੀਫ਼ ਇੰਸਪੈਕਟਰ ਐਲੀਸਨ ਫੌਕਸਵੇਲ ਨੇ ਮ੍ਰਿਤਕ ਦੇ ਪਰਿਵਾਰ ਪ੍ਰਤੀ ਸੰਵੇਦਨਾ ਜ਼ਾਹਰ ਕਰਦੇ ਹੋਏ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਹੈ ਜਾਂ ਅੱਧੀ ਰਾਤ ਨੂੰ ਉਥੇ ਕੁਝ ਦੇਖਿਆ ਹੈ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ‘GoFundMe’ ਮੁਹਿੰਮ ਸ਼ੁਰੂ
ਇਸ ਅਚਾਨਕ ਆਈ ਤਬਾਹੀ ਕਾਰਨ ਗੁਰਬੇਜ ਸਿੰਘ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਗੁਰਭੇਜ ਦੀ ਦੇਹ ਨੂੰ ਭਾਰਤ ਵਾਪਸ ਭੇਜਣ, ਕਾਗਜ਼ੀ ਕਾਰਵਾਈ, ਆਵਾਜਾਈ ਅਤੇ ਅੰਤਿਮ ਸਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ GoFundMe ‘ਤੇ ਇੱਕ ਆਨਲਾਈਨ ਫੰਡਰੇਜ਼ਰ ਮੁਹਿੰਮ ਸ਼ੁਰੂ ਕੀਤੀ ਗਈ ਹੈ। 6,000 ਯੂਰੋ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ ਸਿਰਫ਼ 737 ਦਾਨੀਆਂ ਦੀ ਮਦਦ ਨਾਲ ਹੁਣ ਤੱਕ 11,114 ਯੂਰੋ ਇਕੱਠੇ ਕੀਤੇ ਜਾ ਚੁੱਕੇ ਹਨ।












