ਅਮਰੀਕਾ: ਡੋਨਾਲਡ ਟਰੰਪ ਨੇ ਬੀਤੀ ਰਾਤ (25 ਅਪ੍ਰੈਲ, 2026) ਨੂੰ ਵ੍ਹਾਈਟ ਹਾਊਸ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਡਿਨਰ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਸੀ। ਰਿਪੋਰਟਾਂ ਦੇ ਅਨੁਸਾਰ, ਸਮਾਗਮ ਦੌਰਾਨ ਹੋਟਲ ਦੇ ਬਾਲਰੂਮ ਦੇ ਬਾਹਰ ਅਚਾਨਕ ਗੋਲੀਬਾਰੀ ਹੋਈ, ਜਿਸ ਕਾਰਨ ਸੀਕ੍ਰੇਟ ਸਰਵਿਸ ਨੂੰ ਟਰੰਪ ਅਤੇ ਹੋਰ ਸੀਨੀਅਰ ਨੇਤਾਵਾਂ ਨੂੰ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਕਿਹਾ ਗਿਆ। ਘਟਨਾ ਦੌਰਾਨ ਇੱਕ ਅਧਿਕਾਰੀ ਨੂੰ ਗੋਲੀ ਲੱਗੀ , ਪਰ ਬੁਲੇਟਪਰੂਫ ਵੈਸਟ ਹੋਣ ਕਾਰਨ ਉਹ ਸੁਰੱਖਿਅਤ ਹੈ। ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਟਰੰਪ ਨੇ ਕਿਹਾ ਕਿ, “ਅਜਿਹੀਆਂ ਘਟਨਾਵਾਂ ਹਮੇਸ਼ਾ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਸੀਂ ਪ੍ਰੋਗਰਾਮ ਨੂੰ ਜਾਰੀ ਰੱਖਣਾ ਚਾਹੁੰਦੇ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਅਜਿਹੇ ਅਪਰਾਧੀ ਸਾਡੇ ਜੀਵਨ ਦੇ ਤਰੀਕੇ ਨੂੰ ਬਦਲਣ । ਹਾਲਾਂਕਿ, ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਮਾਗਮ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਜਿਸਨੂੰ ਮੈਂ ਸਮਝਦਾ ਹਾਂ ।” ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਹਮਲਾਵਰ ਕੋਲ ਕਈ ਹਥਿਆਰ ਸਨ ਪਰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਮਾਮਲੇ ਦੀ ਜਾਂਚ ਇਸ ਸਮੇਂ ਚੱਲ ਰਹੀ ਹੈ।











