ਤਬਿਲਿਸੀ: ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ ਸਵੇਰੇ ਗੈਸ ਧਮਾਕੇ ਕਾਰਨ ਭਿਆਨਕ ਹਾਦਸਾ ਵਾਪਰਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਮਲਬੇ ਹੇਠ ਦੱਬ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਾਕਾ ਤਬਿਲਿਸੀ ਦੇ ਉਪਨਗਰੀ ਇਲਾਕੇ ਪੋਨੀਚਾਲਾ ਵਿੱਚ ਹੋਇਆ। ਘਟਨਾ ਤੋਂ ਬਾਅਦ ਬਚਾਅ ਟੀਮਾਂ ਵੱਲੋਂ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਮਲਬੇ ਹੇਠੋਂ 3 ਸਾਲਾ ਬੱਚੀ ਨੂੰ ਜ਼ਿੰਦਾ ਕੱਢਿਆ
ਜਾਰਜੀਆ ਦੇ ਗ੍ਰਹਿ ਮੰਤਰੀ ਸੁਲਖਾਨ ਤਮਾਜ਼ਾਸ਼ਵਿਲੀ ਨੇ ਦੱਸਿਆ ਕਿ ਬਚਾਅ ਦਲਾਂ ਨੇ ਮਲਬੇ ਵਿੱਚੋਂ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ। ਇਸ ਦੌਰਾਨ ਰਾਹਤ ਟੀਮਾਂ ਨੂੰ ਵੱਡੀ ਕਾਮਯਾਬੀ ਵੀ ਮਿਲੀ, ਜਦੋਂ ਕਈ ਘੰਟਿਆਂ ਤੱਕ ਮਲਬੇ ਹੇਠ ਦੱਬੀ ਰਹੀ ਤਿੰਨ ਸਾਲ ਦੀ ਬੱਚੀ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ।
ਜਾਰਜੀਅਨ ਪਬਲਿਕ ਬ੍ਰੌਡਕਾਸਟਰ ਦੀ ਰਿਪੋਰਟ ਅਨੁਸਾਰ ਬੱਚੀ ਨੂੰ ਇੰਗੋਰੋਕਵਾ ਯੂਨੀਵਰਸਿਟੀ ਕਲੀਨਿਕ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸਥਿਰ ਹੈ ਅਤੇ ਸਕੈਨ ਦੌਰਾਨ ਕੋਈ ਗੰਭੀਰ ਸੱਟ ਸਾਹਮਣੇ ਨਹੀਂ ਆਈ।
ਇਸ ਤੋਂ ਇਲਾਵਾ 11 ਸਾਲਾ ਇੱਕ ਲੜਕੇ ਦਾ ਵੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ICU) ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਵੀ ਕਾਫ਼ੀ ਹੱਦ ਤੱਕ ਸਥਿਰ ਦੱਸੀ ਜਾ ਰਹੀ ਹੈ। ਉੱਥੇ ਹੀ ਐਮਰਜੈਂਸੀ ਪ੍ਰਬੰਧਨ ਸੇਵਾ ਦੇ ਮੁਖੀ ਤੇਈਮੁਰਾਜ਼ ਮਗੇਬ੍ਰਿਸ਼ਵਿਲੀ ਨੇ ਖਦਸ਼ਾ ਜਤਾਇਆ ਕਿ ਮ੍ਰਿਤਕ ਔਰਤਾਂ ਵਿੱਚੋਂ ਇੱਕ ਬਚਾਈ ਗਈ ਬੱਚੀ ਦੀ ਮਾਂ ਹੋ ਸਕਦੀ ਹੈ।
ਗੈਸ ਕੰਪਨੀ ਨਹੀਂ ਕਰ ਸਕੀ ਨੁਕਸਾਨੀ ਥਾਂ ਦਾ ਨਿਰੀਖਣ
ਗੈਸ ਸਪਲਾਈ ਕਰਨ ਵਾਲੀ ਕੰਪਨੀ ‘ਤਬਿਲਿਸੀ ਐਨਰਜੀ’ ਨੇ ਦੱਸਿਆ ਕਿ ਜਿਸ ਅਪਾਰਟਮੈਂਟ ਨੂੰ ਧਮਾਕੇ ਦਾ ਸੰਭਾਵਿਤ ਸਰੋਤ ਮੰਨਿਆ ਜਾ ਰਿਹਾ ਹੈ, ਉਸ ਨੂੰ ਰਿਕਾਰਡ ਵਿੱਚ ਖਾਲੀ ਦਰਜ ਕੀਤਾ ਗਿਆ ਸੀ। ਕੰਪਨੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਉਸ ਫਲੈਟ ਵਿੱਚ ਗੈਸ ਦੀ ਕੋਈ ਖਪਤ ਵੀ ਨਹੀਂ ਹੋਈ ਸੀ।
ਕੰਪਨੀ ਨੇ ਇਹ ਵੀ ਕਿਹਾ ਕਿ ਹਾਦਸੇ ਕਾਰਨ ਨੁਕਸਾਨੀ ਗਈ ਥਾਂ ਦਾ ਅਜੇ ਤੱਕ ਨਿਰੀਖਣ ਨਹੀਂ ਕੀਤਾ ਜਾ ਸਕਿਆ ਹੈ। ਇਸ ਲਈ ਧਮਾਕੇ ਦੇ ਅਸਲ ਕਾਰਨ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ।
28 ਪਰਿਵਾਰਾਂ ਨੂੰ ਹੋਟਲਾਂ ਵਿੱਚ ਭੇਜਣ ਦੀ ਤਿਆਰੀ
ਇਮਾਰਤ ਦੇ ਢਾਂਚੇ ਦੀ ਜਾਂਚ ਤੋਂ ਬਾਅਦ ਤਬਿਲਿਸੀ ਦੇ ਮੇਅਰ ਕਾਖਾ ਕਾਲਾਦਜ਼ੇ ਨੇ ਦੱਸਿਆ ਕਿ ਇਮਾਰਤ ਦੇ ਦੋ ਹਿੱਸਿਆਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ। ਇਸ ਕਾਰਨ 28 ਪਰਿਵਾਰਾਂ ਦੇ 100 ਤੋਂ ਵੱਧ ਮੈਂਬਰਾਂ ਨੂੰ ਆਰਜ਼ੀ ਤੌਰ ‘ਤੇ ਹੋਟਲਾਂ ਵਿੱਚ ਠਹਿਰਾਉਣ ਦਾ ਪ੍ਰਬੰਧ ਕੀਤਾ ਜਾਵੇਗਾ।
ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਜਾਂਚ ਸ਼ੁਰੂ
ਜਾਰਜੀਆ ਦੇ ਸਰਕਾਰੀ ਵਕੀਲ ਲੇਵਨ ਵੇਪਖਵਾਦਜ਼ੇ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦਾ ਮੁੱਖ ਪਹਿਲੂ ਇਹ ਹੈ ਕਿ ਕਿਤੇ ਇਸ ਹਾਦਸੇ ਪਿੱਛੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਸੀ। ਫਿਲਹਾਲ ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਵੱਲੋਂ ਹਾਦਸੇ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।










