ਦੇਹਰਾਦੂਨ: ਰਾਏਪੁਰ ਇਲਾਕੇ ਵਿੱਚ 72 ਸਾਲਾ ਬਜ਼ੁਰਗ ਮਹਿਲਾ ਰੇਖਾ ਬੰਸਲ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਮਹਿਜ਼ 12 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਪਰਿਵਾਰ ਕੋਲ ਹੈਲਪਰ ਵਜੋਂ ਕੰਮ ਕਰਨ ਵਾਲੇ ਵਿਨੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਹਰਾਦੂਨ ਦੇ ਐੱਸ.ਐੱਸ.ਪੀ ਪ੍ਰਮੋਦ ਡੋਭਾਲ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਨੀਤ ਕੁਮਾਰ ਦਾ ਰੇਖਾ ਬੰਸਲ ਨਾਲ ਬਕਾਇਆ ਮਜ਼ਦੂਰੀ ਦੇ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ ਸੀ। ਪੁਲਿਸ ਮੁਤਾਬਕ ਵਿਵਾਦ ਦੌਰਾਨ ਗੁੱਸੇ ਵਿੱਚ ਆ ਕੇ ਮੁਲਜ਼ਮ ਨੇ ਬਜ਼ੁਰਗ ਮਹਿਲਾ ’ਤੇ ਹਮਲਾ ਕੀਤਾ।
ਇਸ ਤੋਂ ਬਾਅਦ ਜਦੋਂ ਮਹਿਲਾ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਵੱਲੋਂ ਉਨ੍ਹਾਂ ਦਾ ਮੂੰਹ ਅਤੇ ਨੱਕ ਦਬਾਉਣ ਦੀ ਗੱਲ ਸਾਹਮਣੇ ਆਈ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮਹਿਲਾ ਦਾ ਸੋਨੇ ਦਾ ਕੜਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਆਪਣੀ ਪਛਾਣ ਲੁਕਾਉਣ ਲਈ ਕੱਪੜੇ ਵੀ ਬਦਲ ਲਏ।
ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰਦਿਆਂ ਮੁਲਜ਼ਮ ਨੂੰ ਰਿੰਗ ਰੋਡ ਸਥਿਤ ਤ੍ਰਿਲੋਕ ਗੈਸਟ ਹਾਊਸ ਨੇੜਿਓਂ ਕਾਬੂ ਕਰ ਲਿਆ। ਪੁਲਿਸ ਮੁਤਾਬਕ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ ਲੁੱਟਿਆ ਗਿਆ ਸੋਨੇ ਦਾ ਕੜਾ, ਵਾਰਦਾਤ ਵਿੱਚ ਵਰਤਿਆ ਗਿਆ ਕੜਾ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਕੇ ਵਾਰਦਾਤ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।












