Homeਦੇਸ਼ਮਹਾਦੇਵ ਬੈਟਿੰਗ ਐਪ ਮਾਮਲਾ: CBI ਨੂੰ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਦਾ 8...

ਮਹਾਦੇਵ ਬੈਟਿੰਗ ਐਪ ਮਾਮਲਾ: CBI ਨੂੰ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਦਾ 8 ਦਿਨਾਂ ਦਾ ਰਿਮਾਂਡ ਮਿਲਿਆ

ਰਾਏਪੁਰ: ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਰਾਏਪੁਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਕੇਂਦਰੀ ਜਾਂਚ ਬਿਊਰੋ (CBI) ਨੂੰ 6,000 ਕਰੋੜ ਰੁਪਏ ਦੇ ‘ਮਹਾਦੇਵ ਆਨਲਾਈਨ ਬੈਟਿੰਗ ਐਪ’ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਦਾ 8 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਹਾਲ ਹੀ ਵਿੱਚ ਓਮਾਨ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦੇ ਗਏ ਚੰਦਰਾਕਰ ਨੂੰ ਸੋਮਵਾਰ ਨੂੰ 2 ਦਿਨਾਂ ਦੀ CBI ਟ੍ਰਾਂਜ਼ਿਟ ਰਿਮਾਂਡ ’ਤੇ ਭੇਜਿਆ ਗਿਆ ਸੀ, ਕਿਉਂਕਿ ਜਾਂਚ ਏਜੰਸੀ ਉਸ ਨੂੰ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਵਿੱਚ ਪੇਸ਼ ਕਰਨ ਲਈ ਛੱਤੀਸਗੜ੍ਹ ਲਿਆਉਣਾ ਚਾਹੁੰਦੀ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਨੂੰ CBI ਦੀ ਹਿਰਾਸਤ ਵਿੱਚ ਉਸ ਨੂੰ ਇੱਕ ਨਿੱਜੀ ਜਹਾਜ਼ ਰਾਹੀਂ ਰਾਏਪੁਰ ਲਿਆਂਦਾ ਗਿਆ। ਬਚਾਅ ਪੱਖ ਦੇ ਵਕੀਲ ਤੁਸ਼ਾਰ ਗਿਰੀ ਨੇ ਦੱਸਿਆ ਕਿ ਅੱਜ ਚੰਦਰਾਕਰ ਨੂੰ ਰਾਏਪੁਰ ਵਿੱਚ ਵਿਸ਼ੇਸ਼ ਜੱਜ (CBI) ਮਨੋਜ ਕੁਮਾਰ ਸਿੰਘ ਠਾਕੁਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਕੇਂਦਰੀ ਜਾਂਚ ਏਜੰਸੀ ਨੇ ਉਸ ਦਾ 10 ਦਿਨਾਂ ਦਾ ਰਿਮਾਂਡ ਮੰਗਿਆ ਸੀ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਨੂੰ 8 ਦਿਨਾਂ ਲਈ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਦਾਲਤ ਨੇ CBI ਨੂੰ ਪੁੱਛਗਿੱਛ ਲਈ ਚੰਦਰਾਕਰ ਨੂੰ ਦਿੱਲੀ ਲਿਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ।

CBI ਨੇ 18 ਦਸੰਬਰ 2024 ਨੂੰ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਸੀ। ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨਾਂ ਤੋਂ ਬਾਅਦ CBI ਨੇ ਛੱਤੀਸਗੜ੍ਹ ਦੇ ‘ਸਟੇਟ ਇਕਨਾਮਿਕ ਆਫੈਂਸ ਬਿਊਰੋ’ ਤੋਂ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।

ਦੋਸ਼ ਹੈ ਕਿ ਚੰਦਰਾਕਰ ਅਤੇ ਸਹਿ-ਮੁਲਜ਼ਮ ਰਵੀ ਉੱਪਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ‘ਮਹਾਦੇਵ ਬੁੱਕ ਐਪ’ ਦਾ ਪ੍ਰਚਾਰ ਕੀਤਾ ਅਤੇ ਪੈਨਲ ਤੇ ਬ੍ਰਾਂਚ ਆਪਰੇਟਰਾਂ ਰਾਹੀਂ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਚਲਾਇਆ।

ਕਮਿਸ਼ਨ ਦੇ ਲਾਲਚ ਵਿੱਚ ਸੈਂਕੜੇ ਬੈਂਕ ਖਾਤੇ ਖੋਲ੍ਹੇ ਗਏ ਅਤੇ ਗੈਰ-ਕਾਨੂੰਨੀ ਸੱਟੇਬਾਜ਼ੀ ਰਾਹੀਂ ਇਕੱਠੀ ਕੀਤੀ ਗਈ ਰਕਮ ਨੂੰ ਵੱਖ-ਵੱਖ ਖਾਤਿਆਂ ਰਾਹੀਂ ਯੂ.ਏ.ਈ. ਭੇਜ ਦਿੱਤਾ ਗਿਆ। ਦੋਸ਼ ਹੈ ਕਿ ਮੁਲਜ਼ਮ ਦੁਬਈ ਤੋਂ ਇਸ ਪੂਰੇ ਨੈੱਟਵਰਕ ਨੂੰ ਚਲਾਉਂਦੇ ਸਨ, ਜਿਸ ਨੂੰ ਉਹ ਆਪਣਾ ‘ਹੈੱਡ ਆਫਿਸ’ ਕਹਿੰਦੇ ਸਨ। ਉਨ੍ਹਾਂ ਨੇ ਛੱਤੀਸਗੜ੍ਹ ਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਮੈਨੇਜਰ ਵਜੋਂ ਨੌਕਰੀ ’ਤੇ ਰੱਖਿਆ ਹੋਇਆ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments