ਨਵੀਂ ਦਿੱਲ੍ਹੀ : ਆਈਸੀਸੀ ਪ੍ਰਧਾਨ ਜੈ ਸ਼ਾਹ ਲਗਾਤਾਰ ਵਿਦੇਸ਼ਾਂ ਵਿਚ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ। ਆਈਸੀਸੀ ਦੇ ਪ੍ਰਧਾਨ ਅਤੇ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੂੰ ਮੈਰੀਲੇਬੋਨ ਕ੍ਰਿਕਟ ਕਲੱਬ (ਐਮਸੀਸੀ), ਵਰਲਡ ਕ੍ਰਿਕਟ ਕਨੈਕਟਸ ਦੇ ਨਵੇਂ ਸਲਾਹਕਾਰ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੌਰਵ ਗਾਂਗੁਲੀ ਨੂੰ ਵੀ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਇੱਕ ਸੁਤੰਤਰ ਸਮੂਹ ਹੈ।
ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ 7 ਅਤੇ 8 ਜੂਨ ਨੂੰ ਲਾਰਡਸ ‘ਚ ਹੋਣ ਵਾਲੀ ਬੈਠਕ ‘ਚ ਖੇਡ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ‘ਤੇ ਚਰਚਾ ਕਰੇਗਾ। ਜੈ ਸ਼ਾਹ ਨੇ ਅਧਿਕਾਰਤ ਤੌਰ ‘ਤੇ ਪਿਛਲੇ ਸਾਲ 1 ਦਸੰਬਰ ਨੂੰ ਆਈਸੀਸੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ। ਵਿਸ਼ਵ ਕ੍ਰਿਕਟ ਕਨੈਕਟਸ ਬੋਰਡ ਵਿੱਚ 13 ਮੈਂਬਰ ਹੁੰਦੇ ਹਨ। ਇਸ ਦੀ ਪ੍ਰਧਾਨਗੀ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਕਰਨਗੇ। ਹੋਰ ਸੰਸਥਾਪਕ ਮੈਂਬਰਾਂ ਵਿੱਚ ਸੌਰਵ ਗਾਂਗੁਲੀ, ਗ੍ਰੀਮ ਸਮਿਥ, ਐਂਡਰਿਊ ਸਟ੍ਰਾਸ ਅਤੇ ਇੰਗਲੈਂਡ ਦੀ ਮਹਿਲਾ ਟੀਮ ਦੀ ਕਪਤਾਨ ਹੀਥਰ ਨਾਈਟ ਸ਼ਾਮਲ ਹਨ।
MCC ਨੇ ਪਿਛਲੇ ਸਾਲ ਵਿਸ਼ਵ ਕ੍ਰਿਕਟ ਕਨੈਕਟਸ ਫੋਰਮ ਦਾ ਉਦਘਾਟਨ ਕੀਤਾ ਸੀ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਕ੍ਰਿਕਟਰਾਂ ਨੇ ਖੇਡ ਬਾਰੇ ਚਰਚਾ ਕਰਨ ਲਈ ਹਿੱਸਾ ਲਿਆ। ਜੈ ਸ਼ਾਹ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ ਵਿਸ਼ਵ ਕ੍ਰਿਕਟ ਕਮੇਟੀ ਦੀ ਥਾਂ ਲਵੇਗਾ। ਵਿਸ਼ਵ ਕ੍ਰਿਕਟ ਕਮੇਟੀ 2006 ਵਿੱਚ ਬਣਾਈ ਗਈ ਸੀ। ਇਸ ਕਮੇਟੀ ਦੀ ਆਖਰੀ ਮੀਟਿੰਗ ਪਿਛਲੇ ਸਾਲ ਗਰਮੀਆਂ ਵਿੱਚ ਹੋਈ ਸੀ। ਵਿਸ਼ਵ ਕ੍ਰਿਕਟ ਕਮੇਟੀ ਇੱਕ ਸੁਤੰਤਰ ਸੰਸਥਾ ਸੀ ਜਿਸਦੀ ਕੋਈ ਰਸਮੀ ਸ਼ਕਤੀ ਨਹੀਂ ਸੀ, ਪਰ ਇਸ ਦੀਆਂ ਸਿਫ਼ਾਰਸ਼ਾਂ ਨੂੰ ਅਕਸਰ ਆਈਸੀਸੀ ਦੁਆਰਾ ਅਪਣਾਇਆ ਜਾਂਦਾ ਹੈ। ਇਨ੍ਹਾਂ ਵਿੱਚ ਡੀਆਰਐਸ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਟੈਸਟ ਕ੍ਰਿਕਟ ਵਿੱਚ ਡੇ-ਨਾਈਟ ਦੀ ਸ਼ੁਰੂਆਤ ਅਤੇ ਹੌਲੀ ਓਵਰ-ਰੇਟ ਨੂੰ ਸੁਧਾਰਨ ਲਈ ਸ਼ਾਟ ਕਲਾਕ ਦੀ ਵਰਤੋਂ ਸ਼ਾਮਲ ਹੈ।