ਨਵੀਂ ਦਿੱਲੀ : ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਸਫਲ ਹੁੰਦੀ ਨਜ਼ਰ ਆ ਰਹੀ ਹੈ। ਮੁੰਬਈ ਹਮਲੇ (26/11) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਅਮਰੀਕੀ ਸੁਪਰੀਮ ਕੋਰਟ ਨੇ ਭਾਰਤ-ਅਮਰੀਕਾ ਹਵਾਲਗੀ ਸੰਧੀ ਤਹਿਤ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਤਹੱਵੁਰ ਰਾਣਾ ਨੂੰ 2009 ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। 13 ਨਵੰਬਰ 2024 ਨੂੰ ਰਾਣਾ ਨੇ ਹਵਾਲਗੀ ਦੇ ਫੈਸਲੇ ਵਿਰੁੱਧ ਅਪੀਲ ਕੀਤੀ, ਜਿਸ ਨੂੰ ਸੁਪਰੀਮ ਕੋਰਟ ਨੇ 21 ਜਨਵਰੀ ਨੂੰ ਰੱਦ ਕਰ ਦਿੱਤਾ। ਹਵਾਲਗੀ ਤੋਂ ਬਚਣ ਲਈ ਰਾਣਾ ਕੋਲ ਇਹ ਆਖਰੀ ਮੌਕਾ ਸੀ। ਇਸ ਤੋਂ ਪਹਿਲਾਂ ਉਸਨੇ ਸਾਨ ਫਰਾਂਸਿਸਕੋ ਦੀ ਇੱਕ ਅਦਾਲਤ ਵਿੱਚ ਅਪੀਲ ਕੀਤੀ ਸੀ, ਜਿੱਥੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਅਮਰੀਕੀ ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਹਵਾਲਗੀ ਸੰਧੀ ਦੇ ਤਹਿਤ ਉਸ ਨੂੰ ਭਾਰਤ ਭੇਜਿਆ ਜਾ ਸਕਦਾ ਹੈ।
ਮੁੰਬਈ ਹਮਲਿਆਂ ਦੀ 405 ਪੰਨਿਆਂ ਦੀ ਚਾਰਜਸ਼ੀਟ ਵਿੱਚ ਰਾਣਾ ਦਾ ਨਾਂ ਵੀ ਮੁਲਜ਼ਮ ਵਜੋਂ ਦਰਜ ਹੈ। ਇਸ ਮੁਤਾਬਕ ਰਾਣਾ ਆਈਐਸਆਈ ਅਤੇ ਲਸ਼ਕਰ-ਏ-ਤੋਇਬਾ ਦਾ ਮੈਂਬਰ ਹੈ। ਚਾਰਜਸ਼ੀਟ ਮੁਤਾਬਕ ਰਾਣਾ ਹਮਲੇ ਦੇ ਮੁੱਖ ਦੋਸ਼ੀ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕਰ ਰਿਹਾ ਸੀ। 26 ਨਵੰਬਰ 2008 ਨੂੰ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਮੁੰਬਈ ‘ਤੇ ਹਮਲਾ ਕੀਤਾ ਸੀ। ਇਨ੍ਹਾਂ ਵਿਚ 166 ਲੋਕ ਮਾਰੇ ਗਏ ਅਤੇ 300 ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿਚ ਕੁਝ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਮੁਕਾਬਲੇ ਵਿੱਚ ਪੁਲਿਸ ਨੇ 9 ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਅਜਮਲ ਕਸਾਬ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ 2012 ਵਿੱਚ ਫਾਂਸੀ ਦਿੱਤੀ ਗਈ ਸੀ।