ਜਲੰਧਰ : ਮੇਅਰ ਵਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅੱਜ ਨਗਰ ਨਿਗਮ ਕਮਿਸ਼ਨਰ ਅਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ, ਜਿਸ ਦੌਰਾਨ ਸੰਯੁਕਤ ਕਮਿਸ਼ਨਰ ਮੈਡਮ ਸੁਮਨਦੀਪ ਕੌਰ, ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ, ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ, ਰਾਜੀਵ ਰਿਸ਼ੀ, ਰਾਕੇਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਕਿ ਕੁਝ ਲੋਕ ਕਿਰਾਏ ਦੀ ਜਾਇਦਾਦ ‘ਤੇ ਘੱਟ ਟੈਕਸ ਅਦਾ ਕਰ ਰਹੇ ਹਨ, ਅਜਿਹੇ ਲੋਕਾਂ ਦਾ ਪਤਾ ਲਗਾਉਣ ਲਈ ਮਾਲ ਵਿਭਾਗ ਤੋਂ ਰਜਿਸਟਰਡ ਰੈਂਟ ਡੀਡ ਦਾ ਡਾਟਾ ਮੰਗਿਆ ਜਾਵੇ ਅਤੇ ਇਸ ਨਾਲ ਟੈਕਸ ਦਾ ਮਿਲਾਨ ਕੀਤਾ ਜਾਵੇ। ਜੇਕਰ ਕੋਈ ਫਰਕ ਹੈ ਤਾਂ ਬਣਦੀ ਕਾਰਵਾਈ ਦੇ ਨਾਲ-ਨਾਲ ਵਿਆਜ ਜੁਰਮਾਨਾ ਵੀ ਵਸੂਲਿਆ ਜਾਵੇ।
ਉਨ੍ਹਾਂ ਕਿਹਾ ਕਿ ਹਰ ਜਾਇਦਾਦ ‘ਤੇ ਬਕਾਇਆ ਟੈਕਸ ਨਿਗਮ ਦੇ ਖਜ਼ਾਨੇ ‘ਚ ਜਮ੍ਹਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਜਾਰੀ ਕੀਤੇ ਗਏ ਨੋਟਿਸਾਂ ਦਾ ਵੇਰਵਾ ਮੰਗਿਆ ਗਿਆ ਅਤੇ ਸਾਰੇ ਨੋਟਿਸਾਂ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ । ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਯੂ.ਆਈ.ਡੀ. ਨੰਬਰ ਪਲੇਟਾਂ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਇਸ ਲਈ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਤੋਂ ਵੀ ਟੈਕਸ ਵਸੂਲਣ ਲਈ ਮੁਹਿੰਮ ਚਲਾਈ ਜਾਵੇ। ਮੀਟਿੰਗ ਦੌਰਾਨ ਸਟਾਫ਼ ਦੀ ਘਾਟ ਅਤੇ ਹੋਰ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।