ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਕੀਤੇ ਗਏ ਵੱਡੇ ਪ੍ਰਦਰਸ਼ਨ ਦੌਰਾਨ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਕਾਂਗਰਸੀ ਆਗੂ ਅਤੇ ਵਰਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵੱਲ ਵਧਣ ਲੱਗੇ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾਏ ਅਤੇ ਬਾਅਦ ਵਿੱਚ ਵਾਟਰ ਕੈਨਨ ਦੀ ਵਰਤੋਂ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਚੰਡੀਗੜ੍ਹ ਪਹੁੰਚੇ। ਕਾਂਗਰਸ ਨੇ ਪੰਜਾਬ ਵਿੱਚ ਕਾਨੂੰਨ-ਵਿਵਸਥਾ, ਨਸ਼ਿਆਂ ਦੇ ਮੁੱਦੇ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ। ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਵੜਿੰਗ ਨੇ ਸਰਕਾਰ ਦੀਆਂ ਵਿੱਤੀ ਨੀਤੀਆਂ ਅਤੇ ਵਧ ਰਹੇ ਕਰਜ਼ੇ ’ਤੇ ਵੀ ਸਵਾਲ ਚੁੱਕੇ।
ਕਾਂਗਰਸੀ ਵਰਕਰ ਜਦੋਂ ਬੈਰੀਕੇਡ ਪਾਰ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕੁਝ ਸਮੇਂ ਤੱਕ ਬੈਰੀਕੇਡਾਂ ਕੋਲ ਧੱਕਾ-ਮੁੱਕੀ ਵਰਗੀ ਸਥਿਤੀ ਬਣੀ ਰਹੀ। ਇਸ ਤੋਂ ਬਾਅਦ ਪੁਲਿਸ ਨੇ ਵਾਟਰ ਕੈਨਨ ਚਲਾ ਕੇ ਭੀੜ ਨੂੰ ਪਿੱਛੇ ਹਟਾਇਆ।
ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਰਾਜਾ ਵੜਿੰਗ ਸਮੇਤ 100 ਤੋਂ ਵੱਧ ਕਾਂਗਰਸੀ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਉਨ੍ਹਾਂ ਨੂੰ ਸੈਕਟਰ-11 ਥਾਣੇ ਲਿਜਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਵਿਧਾਇਕ ਰਾਣਾ ਕੇਪੀ ਸਿੰਘ ਤੇ ਰਾਜ ਕੁਮਾਰ ਵੇਰਕਾ ਸਮੇਤ ਕਈ ਆਗੂ ਮੌਜੂਦ ਰਹੇ।












