ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਵਿਦੇਸ਼ੀ ਕੰਪਨੀਆਂ ਦੇ ਉਦਯੋਗ ਲਗਾਉਣ ਅਤੇ ਅਰਥਵਿਵਸਥਾ ਨੂੰ ਇੱਕ ਟ੍ਰਿਲੀਅਨ ਡਾਲਰ ਤੱਕ ਲੈ ਜਾਣ ਲਈ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਖੁਦ ਵਿਦੇਸ਼ ਯਾਤਰਾਵਾਂ ਕਰਨਗੇ। ਉਹ ਪਹਿਲੇ ਪੜਾਅ ਵਿੱਚ ਸਿੰਗਾਪੁਰ ਅਤੇ ਜਾਪਾਨ ਦੇ ਦੌਰੇ ‘ਤੇ ਜਾਣਗੇ ਅਤੇ ਉੱਥੇ ਰੋਡ ਸ਼ੋਅ ਕਰਨਗੇ। ਮੁੱਖ ਮੰਤਰੀ ਵਿਦੇਸ਼ੀ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵਿੱਚ ਆਉਣ ਦਾ ਸੱਦਾ ਦੇਣਗੇ। ਉਨ੍ਹਾਂ ਦੇ ਦੌਰੇ ਦਾ ਇਨਵੈਸਟ ਯੂ.ਪੀ. ਖਾਕਾ ਖਿੱਚ ਰਿਹਾ ਹੈ। ਉਨ੍ਹਾਂ ਦੇ ਜਾਣ ਤੋਂ ਪਹਿਲਾਂ ਇਨਵੈਸਟ ਯੂ.ਪੀ. ਦੀ ਪੰਜ ਮੈਂਬਰੀ ਟੀਮ ਇਨ੍ਹਾਂ ਦੋਹਾਂ ਦੇਸ਼ਾਂ ਦਾ ਦੌਰਾ ਕਰੇਗੀ। ਇਸਦੇ ਲਈ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ।
ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੂੰ ਇੱਕ ਵੱਡਾ ਉਦਯੋਗਿਕ ਹੱਬ ਬਣਾਉਣ ਵਿੱਚ ਲੱਗੇ ਹੋਏ ਹਨ। ਸੂਬਾ ਸਰਕਾਰ ਨੇ ਇਸਦੇ ਲਈ ਉਦਮੀਆਂ ਨੂੰ ਹਰ ਪੱਧਰ ‘ਤੇ ਰਾਹਤ ਦੇ ਰਹੀ ਹੈ। ਉਦਯੋਗਿਕ ਨੀਤੀਆਂ ਨੂੰ ਸਰਲ ਕਰ ਦਿੱਤਾ ਗਿਆ ਹੈ, ਜਿਸ ਨਾਲ ਵਿਦੇਸ਼ੀ ਕੰਪਨੀਆਂ ਨੂੰ ਇੱਥੇ ਉਦਯੋਗ ਲਗਾਉਣ ਵਿੱਚ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਇਨਵੈਸਟ ਯੂ.ਪੀ. ਦੁਨੀਆ ਦੇ ਅੱਠ ਦੇਸ਼ਾਂ ਵਿੱਚ ਰੋਡ ਸ਼ੋਅ ਦੀ ਤਿਆਰੀ ਕਰ ਰਿਹਾ ਹੈ। ਇਹਨਾਂ ਵਿੱਚੋਂ ਦੋ ਦੇਸ਼ਾਂ ਦੇ ਦੌਰੇ ‘ਤੇ ਖੁਦ ਮੁੱਖ ਮੰਤਰੀ ਜਾਣਗੇ।
ਉਨ੍ਹਾਂ ਦੇ ਜਾਣ ਤੋਂ ਪਹਿਲਾਂ ਪੰਜ ਮੈਂਬਰੀ ਟੀਮ ਅਗਲੇ ਹਫ਼ਤੇ ਇਹਨਾਂ ਦੋਵਾਂ ਦੇਸ਼ਾਂ ਦੇ ਦੌਰੇ ‘ਤੇ ਜਾਵੇਗੀ। ਇਹ ਅਧਿਕਾਰੀ ਉੱਥੇ ਵੱਡੇ ਸੰਭਾਵਿਤ ਨਿਵੇਸ਼ਕਾਂ, ਅਧਿਕਾਰੀਆਂ, ਵਾਣਿਜ਼ ਮੰਡਲਾਂ ਅਤੇ ਸਥਾਨਕ ਕਾਰੋਬਾਰੀਆਂ ਨਾਲ ਵਾਰਤਾਲਾਪ ਕਰਨਗੇ। ਇਸ ਦੀ ਅਗਵਾਈ ਦੀ ਜਿੰਮੇਵਾਰੀ ਇੰਵੇਸਟ ਯੂਪੀ ਦੇ ਏਸੀਈਓ ਸ਼ਸ਼ਾਂਕ ਚੌਧਰੀ ਨੂੰ ਸੌਂਪੀ ਗਈ ਹੈ। ਇਹ ਅਧਿਕਾਰੀ ਦੋ ਦਿਨ ਸਿੰਗਾਪੁਰ ਅਤੇ ਤਿੰਨ ਦਿਨ ਟੋਕੀਓ ਜਾਪਾਨ ਵਿੱਚ ਰਹਿਣਗੇ।
ਪ੍ਰਦੇਸ਼ ਦੇ ਕਈ ਮੰਤਰੀ ਵੀ ਸੀ.ਐਮ ਦੇ ਨਾਲ ਦੌਰੇ ’ਤੇ ਜਾਣਗੇ
ਇਹਨਾਂ ਵੱਲੋਂ ਉੱਥੇ ਆਟੋਮੋਬਾਈਲ, ਖੇਤੀਬਾੜੀ ਉਪਕਰਣ, ਸੈਮੀਕੰਡਕਟਰ, ਇਲੈਕਟ੍ਰੌਨਿਕਸ ਅਤੇ ਇਲੈਕਟ੍ਰਿਕਲ ਉਪਕਰਣ, ਮਸ਼ੀਨਰੀ ਅਤੇ ਪ੍ਰੈਸੀਜ਼ਨ ਇੰਜੀਨੀਅਰਿੰਗ, ਬਾਇਓਟੈਕਨੋਲੋਜੀ ਅਤੇ ਰਸਾਇਣ ਸੈਕਟਰ ‘ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਟੋਇਟਾ, ਹੌਂਡਾ, ਸੁਜ਼ੂਕੀ, ਪੈਨਾਸੋਨਿਕ, ਤੋਸ਼ੀਬਾ, ਹਿਤਾਚੀ ਵਰਗੀਆਂ ਨਾਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਇਨਵੈਸਟ ਯੂ.ਪੀ. ਦੀ ਟੀਮ ਇਨ੍ਹਾਂ ਦੋਹਾਂ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਆਵੇਗੀ ਤੇ ਪੂਰੀ ਰਿਪੋਰਟ ਦੇਵੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਨਾਲ ਹੀ ਸੂਬੇ ਦੇ ਵੱਡੇ ਮੰਤਰੀ ਵੀ ਵਿਦੇਸ਼ ਵਿੱਚ ਰੋਡ ਸ਼ੋਅ ਕਰਨ ਜਾਣਗੇ। ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸਦਾ ਜਲਦ ਐਲਾਨ ਕੀਤਾ ਜਾਵੇਗਾ ਕਿ ਕਿਹੜਾ ਮੰਤਰੀ ਕਿਸ ਦੇਸ਼ ਦੇ ਦੌਰੇ ‘ਤੇ ਜਾਵੇਗਾ।
