ਬੀਜਿੰਗ: ਚੀਨ ਵਿੱਚ ਉਸ਼ਣਕਟੀਬੰਧੀ ਚੱਕਰਵਾਤ ਸੌਡੇਲ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਲਗਾਤਾਰ ਪੈ ਰਹੀ ਮੂਸਲਾਧਾਰ ਬਾਰਿਸ਼ ਤੋਂ ਬਾਅਦ ਪੂਰਬੀ ਚੀਨ ਦੇ ਜਿਆਂਗਸ਼ੀ ਸੂਬੇ ਵਿੱਚ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ ਕਈਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਕਰੀਬ 12 ਮਕਾਨ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ।
ਅਧਿਕਾਰੀਆਂ ਮੁਤਾਬਕ ਸ਼ਨੀਵਾਰ ਤੜਕੇ ਜਿਆਂਗਸ਼ੀ ਸੂਬੇ ਦੇ ਸੁਈਚੁਆਨ ਕਾਊਂਟੀ ਦੇ ਇੱਕ ਪਿੰਡ ਦੇ ਹਿੱਸੇ ਵਿੱਚ ਅਚਾਨਕ ਜ਼ਮੀਨ ਖਿਸਕ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਖ਼ਤਰੇ ਨੂੰ ਦੇਖਦਿਆਂ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।
ਬਚਾਅ ਕਰਮਚਾਰੀਆਂ ਨੇ ਮਲਬੇ ਵਿੱਚੋਂ ਇੱਕ ਵਿਅਕਤੀ ਨੂੰ ਬਾਹਰ ਕੱਢਿਆ, ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਦੋ ਲੋਕਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਚੀਨ ਦੇ ਸਰਕਾਰੀ ਪ੍ਰਸਾਰਕ C.C.T.V ਮੁਤਾਬਕ ਐਤਵਾਰ ਸਵੇਰੇ ਬਚਾਅ ਕਰਮਚਾਰੀਆਂ ਨੇ ਲਾਪਤਾ ਲੋਕਾਂ ਵਿੱਚੋਂ ਇੱਕ ਨੂੰ ਲੱਭ ਲਿਆ, ਪਰ ਉਸ ਦੀ ਵੀ ਮੌਤ ਹੋ ਚੁੱਕੀ ਸੀ। ਬਾਕੀ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਚੱਕਰਵਾਤ ਸੌਡੇਲ ਨੇ 28 ਅਗਸਤ ਨੂੰ ਝੇਜਿਆਂਗ ਸੂਬੇ ਵਿੱਚ ਦੋ ਵਾਰ ਦਸਤਕ ਦਿੱਤੀ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਇਹ ਫੁਜਿਆਂ ਸੂਬੇ ਵਿੱਚ ਉਸ਼ਣਕਟੀਬੰਧੀ ਤੂਫ਼ਾਨ ਦੇ ਰੂਪ ਵਿੱਚ ਤੀਜੀ ਵਾਰ ਤੱਟ ਨਾਲ ਟਕਰਾਇਆ। ਝੇਜਿਆਂਗ ਅਤੇ ਫੁਜਿਆਂ ਦੋਵੇਂ ਹੀ ਜਿਆਂਗਸ਼ੀ ਦੇ ਗੁਆਂਢੀ ਸੂਬੇ ਹਨ। ਲਗਾਤਾਰ ਭਾਰੀ ਬਾਰਿਸ਼ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਵੀ ਹਾਲਾਤ ਗੰਭੀਰ ਬਣੇ ਹੋਏ ਹਨ।
ਸ਼ਿਨਹੂਆ ਮੁਤਾਬਕ ਫੁਜਿਆਂ ਸੂਬੇ ਵਿੱਚ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੋਂ ਬਾਅਦ ਕਈ ਲੋਕ ਲਾਪਤਾ ਹਨ। ਪੁਤਿਆਂ ਸ਼ਹਿਰ ਦੇ ਹੁਆਤਿੰਗ ਕਸਬੇ ਵਿੱਚ 100 ਤੋਂ ਵੱਧ ਮਕਾਨ ਢਹਿ ਗਏ ਹਨ। ਕਈ ਪਿੰਡਾਂ ਵਿੱਚ ਹੜ੍ਹ ਆ ਗਿਆ ਅਤੇ ਲੋਕ ਪਾਣੀ ਵਿੱਚ ਫਸ ਗਏ। ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ ਤੱਕ ਫੁਜਿਆਂ ਵਿੱਚ ਸਮੁੰਦਰ ਦੇ ਨੇੜੇ ਅਤੇ ਜ਼ਮੀਨ ‘ਤੇ ਸਥਿਤ ਜੋਖ਼ਮ ਵਾਲੇ ਇਲਾਕਿਆਂ ਵਿੱਚੋਂ ਕਰੀਬ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਸੀ।
ਫਿਲਹਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।












