ਗੁਹਾਟੀ: ਅਸਾਮ ਦੇ ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ‘ਚ ਅੱਜ ਰਾਸ਼ਟਰੀ ਰਾਜਮਾਰਗ-27 ‘ਤੇ ਇਕ ਤੇਜ਼ ਰਫ਼ਤਾਰ ਕਾਰ ਦੇ ਸੜਕ ਦੀ ਰੇਲਿੰਗ ਨਾਲ ਟਕਰਾ ਜਾਣ ਕਾਰਨ ਇਕ ਔਰਤ ਸਮੇਤ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਖੇਤੜੀ ਇਲਾਕੇ ‘ਚ ਉਸ ਸਮੇਂ ਹੋਇਆ, ਜਦੋਂ ਕਾਰ ਗੁਹਾਟੀ ਤੋਂ ਨਗਾਓਂ ਜਾ ਰਹੀ ਸੀ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀਆਂ ਨੂੰ ਸੋਨਾਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਮੋਨੀਮਾ ਬੇਗਮ (40), ਰਿਬੁਲ ਅਲੀ (17) ਅਤੇ ਅਮੀਰੂਦੀਨ (40) ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜ਼ਖਮੀਆਂ ਦੀ ਪਛਾਣ ਪੁਤੁਮਈ ਬੇਗਮ (55), ਅਨੀਸੂਰ ਸੁਲਤਾਨ (10) ਅਤੇ ਰੁਸਤਮ ਅਲੀ (50) ਵਜੋਂ ਹੋਈ ਹੈ। ਇਸੇ ਇਲਾਕੇ ‘ਚ 30 ਅਗਸਤ ਨੂੰ ਇਕ ਟਰੱਕ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ ‘ਚ 7 ਲੋਕਾਂ ਦੀ ਮੌਤ ਹੋ ਗਈ ਸੀ।
ਉਸ ਸਮੇਂ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਸ ਮਾਰਗ ‘ਤੇ ਹਾਦਸਿਆਂ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੁਆਰਾ ਹਾਈਵੇਅ ਦੀ ਮਾੜੀ ਦੇਖਭਾਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।










