ਸ੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸ਼ੇਸ਼ਨਾਗ ਝੀਲ ਵੱਲ ਜਾਂਦੇ ਸਮੇਂ ਪੁਲਿਸ ਨੇ ਰੋਕ ਦਿੱਤਾ। ਉਹ ਝੀਲ ਦੇ ਨੇੜੇ ਭਾਰੀ ਮਸ਼ੀਨਰੀ ਨਾਲ ਹੋ ਰਹੀ ਖੁਦਾਈ ਦਾ ਨਿਰੀਖਣ ਕਰਨ ਲਈ ਜਾ ਰਹੀ ਸੀ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆਇਆ ਹੈ।
ਜਾਣਕਾਰੀ ਅਨੁਸਾਰ, ਮਹਿਬੂਬਾ ਮੁਫ਼ਤੀ ਮੰਗਲਵਾਰ ਸਵੇਰੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਸ਼ੇਸ਼ਨਾਗ ਲਈ ਰਵਾਨਾ ਹੋਈ ਸੀ। ਤਿੰਨੇ ਆਗੂ ਅਮਰਨਾਥ ਯਾਤਰਾ ਮਾਰਗ ’ਤੇ ਚੰਦਨਵਾੜੀ ਤੋਂ ਸ਼ੇਸ਼ਨਾਗ ਵੱਲ ਜਾ ਰਹੇ ਸਨ। ਇਸੇ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਦਰਅਸਲ, ਵਾਇਰਲ ਵੀਡੀਓ ਵਿੱਚ ਸ਼ੇਸ਼ਨਾਗ ਝੀਲ ਦੇ ਨੇੜੇ ਭਾਰੀ ਮਸ਼ੀਨਾਂ ਰਾਹੀਂ ਖੁਦਾਈ ਕੀਤੀ ਜਾਂਦੀ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਮ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਅਮਰਨਾਥ ਯਾਤਰਾ ਕਾਰੀਡੋਰ ਦੇ ਵਿਸਥਾਰ ਨਾਲ ਸਬੰਧਤ ਹੈ।
ਇਸ ਖੁਦਾਈ ਨੂੰ ਲੈ ਕੇ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ। ਮਾਮਲਾ ਸੰਵੇਦਨਸ਼ੀਲ ਹੋਣ ਕਾਰਨ ਸ਼ੇਸ਼ਨਾਗ ਝੀਲ ਦੇ ਆਲੇ-ਦੁਆਲੇ ਹੋ ਰਹੇ ਨਿਰਮਾਣ ਅਤੇ ਖੁਦਾਈ ਦੇ ਕੰਮ ’ਤੇ ਸਵਾਲ ਉੱਠ ਰਹੇ ਹਨ।
ਮਹਿਬੂਬਾ ਮੁਫ਼ਤੀ ਇਸੇ ਮਾਮਲੇ ਦੀ ਸਥਿਤੀ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣਾ ਚਾਹੁੰਦੀ ਸੀ, ਪਰ ਪੁਲਿਸ ਵੱਲੋਂ ਰੋਕੇ ਜਾਣ ਕਾਰਨ ਉਹ ਸ਼ੇਸ਼ਨਾਗ ਨਹੀਂ ਪਹੁੰਚ ਸਕੀ।










