ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ , 2 ਨਵੰਬਰ ਨੂੰ ਸ਼ਾਮ ਕਰੀਬ 4:30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ‘ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਐਕਸਪੋ 2026’ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਹਾਜ਼ਰ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਇਹ ਚਾਰ ਰੋਜ਼ਾ ਸੰਮੇਲਨ 2 ਤੋਂ 5 ਨਵੰਬਰ 2026 ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਸੰਮੇਲਨ ਦਾ ਵਿਸ਼ਾ ‘ਨਿਵੇਸ਼ ਕਰੋ, ਨਵੀਨਤਾ ਲਿਆਓ, ਪ੍ਰੇਰਿਤ ਕਰੋ’ ਹੈ।
ਭਾਰਤ ਆਰ.ਈ. 2026 ਵਿੱਚ 130 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਨ੍ਹਾਂ ਵਿੱਚ 40 ਤੋਂ ਵੱਧ ਮੰਤਰੀ, ਨੀਤੀ ਨਿਰਮਾਤਾ, ਨਿਵੇਸ਼ਕ, ਵਿੱਤੀ ਸੰਸਥਾਵਾਂ ਅਤੇ ਉਦਯੋਗ ਜਗਤ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ। ਇਹ ਸੰਮੇਲਨ ਸਵੱਛ ਊਰਜਾ ਦੇ ਖੇਤਰ ਵਿੱਚ ਨਿਵੇਸ਼, ਉਦਯੋਗਿਕ ਭਾਈਵਾਲੀ ਅਤੇ ਤਕਨੀਕੀ ਸਾਂਝੇਦਾਰੀ ਲਈ ਇੱਕ ਵਿਸ਼ਵ ਪੱਧਰੀ ਮੰਚ ਵਜੋਂ ਕੰਮ ਕਰੇਗਾ।
ਆਸਟ੍ਰੇਲੀਆ, ਡੈਨਮਾਰਕ, ਯੂਰਪੀ ਸੰਘ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਇਸ ਸੰਮੇਲਨ ਵਿੱਚ ਭਾਈਵਾਲ ਦੇਸ਼ਾਂ ਵਜੋਂ ਹਿੱਸਾ ਲੈਣਗੇ।
ਤੇਰਾਂ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ – ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ – ਨਵਿਆਉਣਯੋਗ ਊਰਜਾ ਨਾਲ ਜੁੜੀਆਂ ਸੰਭਾਵਨਾਵਾਂ, ਨਿਵੇਸ਼ ਦੇ ਮੌਕਿਆਂ ਅਤੇ ਨਿਰਮਾਣ ਖੇਤਰ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨਗੇ।
ਇਹ ਸੰਮੇਲਨ ਅੰਤਰਰਾਸ਼ਟਰੀ ਸੂਰਜੀ ਗਠਜੋੜ (ਆਈ.ਐੱਸ.ਏ.) ਦੀ 9ਵੀਂ ਅਸੈਂਬਲੀ ਅਤੇ ਗ੍ਰੀਨ ਹਾਈਡ੍ਰੋਜਨ ਬਾਰੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ (ਆਈ.ਸੀ.ਜੀ.ਐੱਚ.) ਦੇ ਨਾਲ ਆਯੋਜਿਤ ਕੀਤਾ ਜਾਵੇਗਾ।
ਜਿੱਥੇ ‘ਭਾਰਤ ਆਰ.ਈ.’ ਸਵੱਛ ਊਰਜਾ ਦੇ ਖੇਤਰ ਵਿੱਚ ਨਿਵੇਸ਼, ਉਦਯੋਗ ਅਤੇ ਤਕਨੀਕੀ ਭਾਈਵਾਲੀ ‘ਤੇ ਧਿਆਨ ਕੇਂਦਰਿਤ ਕਰੇਗਾ, ਉੱਥੇ ਹੀ ਆਈ.ਐੱਸ.ਏ. ਅਸੈਂਬਲੀ ਸੂਰਜੀ ਊਰਜਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਅੱਗੇ ਵਧਾਏਗੀ। ਇਸ ਵਿੱਚ ਵਿੱਤ ਅਤੇ ਸੰਸਥਾਗਤ ਸਮਰੱਥਾ ਵਰਗੇ ਪਹਿਲੂ ਵੀ ਸ਼ਾਮਲ ਹੋਣਗੇ। ਆਈ.ਸੀ.ਜੀ.ਐੱਚ. ਦਾ ਮੁੱਖ ਧਿਆਨ ਗ੍ਰੀਨ ਹਾਈਡ੍ਰੋਜਨ ਨਾਲ ਸਬੰਧਤ ਤਕਨੀਕਾਂ, ਨਿਵੇਸ਼ ਅਤੇ ਇਸ ਦੇ ਵਿਸਥਾਰ ‘ਤੇ ਹੋਵੇਗਾ। ਇਹ ਤਿੰਨੇ ਮੰਚ ਮਿਲ ਕੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਵੱਛ ਊਰਜਾ ਨੂੰ ਅਪਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣਗੇ।
‘ਆਰ.ਈ.-ਇਨਵੈਸਟ’ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਦਾ ਪ੍ਰਮੁੱਖ ਨਵਿਆਉਣਯੋਗ ਊਰਜਾ ਨਿਵੇਸ਼ ਸੰਮੇਲਨ ‘ਭਾਰਤ ਆਰ.ਈ. 2026’ ਸਵੱਛ ਊਰਜਾ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਜੁੜਨ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕਰੇਗਾ।
ਇਸ ਸੰਮੇਲਨ ਵਿੱਚ ਪੂਰਨ ਸੈਸ਼ਨ, ਮੰਤਰੀ ਪੱਧਰੀ ਵਿਚਾਰ-ਵਟਾਂਦਰੇ, ਸੀ.ਈ.ਓ. ਰਾਊਂਡਟੇਬਲ ਅਤੇ ਵੱਖ-ਵੱਖ ਦੇਸ਼ਾਂ ਤੇ ਸੂਬਿਆਂ ਨਾਲ ਸਬੰਧਤ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਇਸ ਦੇ ਨਾਲ ਹੀ ਨਿਵੇਸ਼, ਭਾਈਵਾਲੀ ਅਤੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ‘ਬਿਜ਼ਨਸ-ਟੂ-ਬਿਜ਼ਨਸ’, ‘ਬਿਜ਼ਨਸ-ਟੂ-ਗਵਰਨਮੈਂਟ’ ਅਤੇ ‘ਗਵਰਨਮੈਂਟ-ਟੂ-ਗਵਰਨਮੈਂਟ’ ਪੱਧਰ ‘ਤੇ ਵਿਚਾਰ-ਵਟਾਂਦਰੇ ਅਤੇ ਮੀਟਿੰਗਾਂ ਵੀ ਹੋਣਗੀਆਂ।
ਇਸ ਐਕਸਪੋ ਵਿੱਚ 400 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ, ਜੋ ਸੂਰਜੀ ਅਤੇ ਪੌਣ ਊਰਜਾ, ਗ੍ਰੀਨ ਹਾਈਡ੍ਰੋਜਨ, ਊਰਜਾ ਭੰਡਾਰਨ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਆਪਣੀਆਂ ਆਧੁਨਿਕ ਤਕਨੀਕਾਂ, ਭਾਰਤੀ ਨਿਰਮਾਣ ਸਮਰੱਥਾਵਾਂ ਅਤੇ ਸਵੱਛ ਊਰਜਾ ਨਾਲ ਜੁੜੇ ਹੱਲਾਂ ਦਾ ਪ੍ਰਦਰਸ਼ਨ ਕਰਨਗੇ।










