Homeਰਾਜਸਥਾਨਰਾਜਸਥਾਨ ’ਚ ਬਿਜਲੀ ਦਾ ਕਹਿਰ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ’ਚ ਬਿਜਲੀ ਦਾ ਕਹਿਰ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ: ਰਾਜਸਥਾਨ ਦੇ ਝੁੰਝਨੂੰ ਜ਼ਿਲ੍ਹੇ ਵਿੱਚ ਸੜਕ ਨਿਰਮਾਣ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਉਦੈਪੁਰਵਾਟੀ ਇਲਾਕੇ ਦੇ ਛਾਪੋਲੀ ਪਿੰਡ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀ ਰੋੜੀ ਮਿਲਾਉਣ ਵਾਲੀ ਮਸ਼ੀਨ ਉੱਪਰੋਂ ਲੰਘਦੀ ਹਾਈਟੈਂਸ਼ਨ ਬਿਜਲੀ ਦੀ ਤਾਰ ਨਾਲ ਛੂਹ ਗਈ। ਇਸ ਕਾਰਨ ਮਸ਼ੀਨ ਵਿੱਚ ਕਰੰਟ ਫੈਲ ਗਿਆ ਅਤੇ ਉੱਥੇ ਕੰਮ ਕਰ ਰਹੇ ਕਈ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਕਦਮ ਕੁੰਡ ਮਾਰਗ ’ਤੇ ਸੜਕ ਬਣਾਉਣ ਦੇ ਕੰਮ ਦੌਰਾਨ ਵਾਪਰੀ। ਮਜ਼ਦੂਰ ਮਸ਼ੀਨ ਰਾਹੀਂ ਬਜਰੀ ਅਤੇ ਰੋੜੀ ਮਿਲਾਉਣ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਮਸ਼ੀਨ 11 ਹਜ਼ਾਰ ਵੋਲਟ ਦੀ ਬਿਜਲੀ ਲਾਈਨ ਦੇ ਸੰਪਰਕ ਵਿੱਚ ਆ ਗਈ। ਬਿਜਲੀ ਦਾ ਕਰੰਟ ਮਸ਼ੀਨ ਵਿੱਚ ਫੈਲਣ ਕਾਰਨ ਉੱਥੇ ਮੌਜੂਦ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।

ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋ ਗਏ। ਜ਼ਖਮੀ ਮਜ਼ਦੂਰਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਜ਼ਖਮੀਆਂ ਦੀ ਹਾਲਤ ਕਾਫ਼ੀ ਗੰਭੀਰ ਹੈ।

ਸੂਚਨਾ ਮਿਲਣ ’ਤੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। ਉਦੈਪੁਰਵਾਟੀ ਦੇ ਥਾਣਾ ਇੰਚਾਰਜ ਰਾਮਪਾਲ ਮੁਤਾਬਕ ਬਜਰੀ ਮਿਲਾਉਣ ਵਾਲੀ ਮਸ਼ੀਨ ਹਾਈਟੈਂਸ਼ਨ ਲਾਈਨ ਦੇ ਸੰਪਰਕ ਵਿੱਚ ਆਉਣ ਕਾਰਨ ਇਹ ਹਾਦਸਾ ਵਾਪਰਿਆ।

ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਧਰਨਾ ਵੀ ਸ਼ੁਰੂ ਕਰ ਦਿੱਤਾ। ਲੋਕਾਂ ਵੱਲੋਂ ਇਸ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਇਸ ਹਾਦਸੇ ਵਿੱਚ ਮਜ਼ਦੂਰਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਘਟਨਾ ਦੀ ਜਾਂਚ ਕਰਨ ਲਈ ਵੀ ਕਿਹਾ ਹੈ।

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਸੜਕ ਨਿਰਮਾਣ ਦੌਰਾਨ ਅਜਿਹਾ ਹਾਦਸਾ ਕਿਵੇਂ ਵਾਪਰਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਨੇ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਅਤੇ ਹਰ ਸੰਭਵ ਮਦਦ ਦੇਣ ਦੀ ਮੰਗ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments