Home ਸੰਸਾਰ ਪ੍ਰਧਾਨ ਮੰਤਰੀ ਨੇ ਕਿਰਗਿਜ਼ ਗਣਰਾਜ ਦੇ ਬਿਸ਼ਕੇਕ ‘ਚ 26ਵੇਂ ਐੱਸ.ਸੀ.ਓ. ਸਿਖਰ ਸੰਮੇਲਨ...

ਪ੍ਰਧਾਨ ਮੰਤਰੀ ਨੇ ਕਿਰਗਿਜ਼ ਗਣਰਾਜ ਦੇ ਬਿਸ਼ਕੇਕ ‘ਚ 26ਵੇਂ ਐੱਸ.ਸੀ.ਓ. ਸਿਖਰ ਸੰਮੇਲਨ ‘ਚ ਲਿਆ ਹਿੱਸਾ 

0

ਕਿਰਗਿਜ਼: ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ 31 ਅਗਸਤ ਤੋਂ 1 ਸਤੰਬਰ 2026 ਦਰਮਿਆਨ ਕਿਰਗਿਜ਼ ਗਣਰਾਜ ਦੇ ਬਿਸ਼ਕੇਕ ਵਿੱਚ ਕਰਵਾਈ ਗਈ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ ਦੀ 26ਵੀਂ ਬੈਠਕ ਵਿੱਚ ਹਿੱਸਾ ਲਿਆ।

ਇਹ ਸਾਲ ਐੱਸ.ਸੀ.ਓ. ਦੀ 25ਵੀਂ ਵਰ੍ਹੇਗੰਢ ਹੈ। ਇਸ ਮੌਕੇ ਆਗੂਆਂ ਨੇ ਹੁਣ ਤੱਕ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਐੱਸ.ਸੀ.ਓ. ਦੀ ਭੂਮਿਕਾ ਨੂੰ ਹੋਰ ਵਧਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਿਰਗਿਜ਼ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਦਿਰ ਜ਼ਾਪਾਰੋਵ ਦਾ ਉਨ੍ਹਾਂ ਦੇ ਨਿੱਘੇ ਸੁਭਾਅ ਅਤੇ ਪ੍ਰਾਹੁਣਚਾਰੀ ਲਈ ਧੰਨਵਾਦ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਦੀ 25ਵੀਂ ਵਰ੍ਹੇਗੰਢ, ਐੱਸ.ਸੀ.ਓ. ਵੱਲੋਂ ਕੀਤੀ ਗਈ ਗੱਲਬਾਤ ਅਤੇ ਸਹਿਯੋਗ ਦੀ ਮਜ਼ਬੂਤ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਅਗਲੇ 25 ਸਾਲਾਂ ਦਾ ਰੋਡਮੈਪ ਤਿਆਰ ਕਰਨ ਲਈ ਇੱਕ ਢੁਕਵਾਂ ਮੌਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਿਖਰ ਸੰਮੇਲਨ ਵਿੱਚ ਭਾਰਤ ਨੇ ਸੁਰੱਖਿਆ, ਸੰਪਰਕ ਅਤੇ ਮੌਕਿਆਂ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਸੀ, ਅਤੇ ਹੁਣ ਸਮੂਹ ਨੂੰ ਸਾਂਝੇ ਯਤਨਾਂ ਦੇ ਇਨ੍ਹਾਂ ਤਿੰਨਾਂ ਅਹਿਮ ਖੇਤਰਾਂ ਵਿੱਚ ਠੋਸ ਨਤੀਜੇ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਦਾ ਇਹ ਪੱਖ ਮੁੜ ਦੁਹਰਾਇਆ ਕਿ ਵਿਵਾਦਾਂ ਨੂੰ ਜੰਗ ਦੇ ਮੈਦਾਨ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਗੱਲਬਾਤ ਤੇ ਕੂਟਨੀਤੀ ਹੀ ਅੱਗੇ ਵਧਣ ਦਾ ਇੱਕੋ-ਇੱਕ ਰਸਤਾ ਹੈ। ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਅੱਤਵਾਦ ਮਨੁੱਖਤਾ ਲਈ ਗੰਭੀਰ ਖ਼ਤਰਾ ਹੈ, ਉਨ੍ਹਾਂ ਨੇ ਆਤੰਕੀ ਈਕੋਸਿਸਟਮ ਖ਼ਤਮ ਕਰਨ ਲਈ ਠੋਸ ਕਾਰਵਾਈ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੱਤਵਾਦ ਵਿਰੁੱਧ ਲੜਾਈ ਵਿੱਚ ਕੋਈ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਇਹ ਦੱਸਦਿਆਂ ਕਿ ਯੂਰੇਸ਼ੀਆ ਖੇਤਰ ਦੀ ਸੁਰੱਖਿਆ ਦਾ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨਾਲ ਡੂੰਘਾ ਸਬੰਧ ਹੈ, ਉਨ੍ਹਾਂ ਨੇ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨੂੰ ਦਿੱਤੀ ਗਈ ਵਿਕਾਸ ਅਤੇ ਮਨੁੱਖਤਾਵਾਦੀ ਸਹਾਇਤਾ ਦਾ ਵਿਸ਼ੇਸ਼ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਮੂਹ ਦੀ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸੰਪਰਕ ਦੀਆਂ ਠੋਸ ਅਤੇ ਭਰੋਸੇਮੰਦ ਪਹਿਲਕਦਮੀਆਂ ਬਹੁਤ ਮਹੱਤਵਪੂਰਨ ਹਨ। ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਭਾਰਤ ਅਜਿਹੇ ਕਨੈਕਟੀਵਿਟੀ ਯਤਨਾਂ ਦਾ ਸਮਰਥਨ ਕਰਦਾ ਹੈ ਜੋ ਬਜ਼ਾਰਾਂ ਨੂੰ ਜੋੜਦੇ ਹਨ, ਵਪਾਰ ਨੂੰ ਵਧਾਉਂਦੇ ਹਨ ਅਤੇ ਵਿਕਾਸ ਦੇ ਨਵੇਂ ਮੌਕੇ ਪੈਦਾ ਕਰਦੇ ਹਨ, ਉਨ੍ਹਾਂ ਮੁੜ ਦੁਹਰਾਇਆ ਕਿ ਅਜਿਹੇ ਯਤਨਾਂ ਦੌਰਾਨ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਅੱਗੇ ਕਿਹਾ ਕਿ ਤਕਨੀਕ, ਉੱਦਮਤਾ, ਨਵੀਨਤਾ, ਸਟਾਰਟ-ਅੱਪਸ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਵਾਲੀਆਂ ਪਹਿਲਕਦਮੀਆਂ ਐੱਸ.ਸੀ.ਓ. ਦੇਸ਼ਾਂ ਦੇ ਲੋਕਾਂ ਲਈ ਬੇਅੰਤ ਮੌਕੇ ਪੈਦਾ ਕਰਦੀਆਂ ਹਨ। ਇਸ ਸਬੰਧੀ ਉਨ੍ਹਾਂ ਨੇ ਕਿਰਗਿਜ਼ਸਤਾਨ ਦੀ ਪ੍ਰਧਾਨਗੀ ਹੇਠ ਨੌਜਵਾਨਾਂ ਦੀ ਸ਼ਮੂਲੀਅਤ ਉੱਤੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਸ ਸਾਲ ਦੇ ਅਖੀਰ ਵਿੱਚ ‘ਐੱਸ.ਸੀ.ਓ. ਸਿਵਿਲਾਈਜ਼ੇਸ਼ਨ ਡਾਇਲੌਗ ਫੋਰਮ’ ਦੇ ਪਹਿਲੇ ਸੰਸਕਰਣ ਦੀ ਮੇਜ਼ਬਾਨੀ ਕਰਕੇ ਭਾਰਤ ਨੂੰ ਬਹੁਤ ਖ਼ੁਸ਼ੀ ਹੋਵੇਗੀ। ਇਹ ਭਾਰਤ ਦੀ ਇੱਕ ਪ੍ਰਮੁੱਖ ਪਹਿਲਕਦਮੀ ਰਹੀ ਹੈ ਜਿਸ ਦਾ ਉਦੇਸ਼ ਮੈਂਬਰ ਦੇਸ਼ਾਂ ਵਿਚਾਲੇ ਸੱਭਿਆਚਾਰਕ ਅਤੇ ਇਤਿਹਾਸਕ ਸਾਂਝ ਵਧਾਉਣਾ ਹੈ।

ਬਿਸ਼ਕੇਕ ਐਲਾਨਨਾਮੇ ਤੋਂ ਇਲਾਵਾ ਇਸ ਸਿਖਰ ਸੰਮੇਲਨ ਵਿੱਚ ਜਲਵਾਯੂ, ਪਰਮਾਣੂ ਸੁਰੱਖਿਆ, ਊਰਜਾ ਸੰਭਾਲ, ਅਤੇ ਨਸ਼ਾਖੋਰੀ ਵਿਰੁੱਧ ਲੜਾਈ ਵਰਗੇ ਖੇਤਰਾਂ ਵਿੱਚ ਚਾਰ ਐੱਮ.ਓ.ਯੂ. ਅਤੇ ਵੀਹ ਤੋਂ ਵੱਧ ਫ਼ੈਸਲਿਆਂ ਅਤੇ ਬਿਆਨਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਭਾਰਤ ਨੇ ਕਈ ਅਜਿਹੀਆਂ ਪਹਿਲਕਦਮੀਆਂ ਦੀ ਅਗਵਾਈ ਅਤੇ ਸਮਰਥਨ ਕੀਤਾ ਜਿਨ੍ਹਾਂ ਨੂੰ ਬਿਸ਼ਕੇਕ ਐਲਾਨਨਾਮੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਐੱਸ.ਸੀ.ਓ. ਚਾਰਟਰ ਵਿੱਚ ਅੰਗਰੇਜ਼ੀ ਨੂੰ ਦਫ਼ਤਰੀ ਭਾਸ਼ਾ ਵਜੋਂ ਮਾਨਤਾ ਦੇਣਾ, ਸਿਵਿਲਾਈਜ਼ੇਸ਼ਨ ਡਾਇਲੌਗ ਫੋਰਮ, ਯੰਗ ਸਾਇੰਟਿਸਟ ਫੋਰਮ ਅਤੇ ਯੰਗ ਆਥਰਜ਼ ਕਨਕਲੇਵ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਸਫਲਤਾਪੂਰਵਕ ਇਹ ਸਿਖਰ ਸੰਮੇਲਨ ਕਰਵਾਉਣ ਲਈ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਦਿਰ ਜ਼ਾਪਾਰੋਵ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਾਂਝੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਐੱਸ.ਸੀ.ਓ. ਪਰਿਵਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਦੀ ਵਚਨਬੱਧਤਾ ਪ੍ਰਗਟਾਈ।

NO COMMENTS

LEAVE A REPLY

Please enter your comment!
Please enter your name here

Exit mobile version