ਸਵਿਟਜ਼ਰਲੈਂਡ: ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਪਾਸ ਸ਼ਸਤਰਾਂ ਸਮੇਤ ਯੂਰਪ ਦੌਰੇ ਦੌਰਾਨ ਸਵਿਟਜ਼ਰਲੈਂਡ ਏਅਰਪੋਰਟ ਵਿਖੇ ਪੁੱਜਣ ’ਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਅਤੇ ਸਿਰਪਾਓ ਨਾਲ ਭਰਵਾ ਨਿੱਘਾ ਸਵਾਗਤ ਕੀਤਾ ਗਿਆ। ਸਵਿਟਜ਼ਰਲੈਂਡ ਏਅਰਪੋਰਟ ਵਿਖੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਬਲਬੀਰ ਸਿੰਘ ਨੂੰ ‘ਜੀ ਆਇਆ’ ਕਿਹਾ ਗਿਆ।
ਇਸ ਮੌਕੇ ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਜਾਣਕਾਰੀ ਦੇਂਦਿਆ ਕਿਹਾ ਕਿ ਯੂਰਪ ਫੇਰੀ ਦੌਰਾਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਯੂਰਪ ਦੇ ਵੱਖ-ਵੱਖ ਦੇਸ਼ਾਂ ‘ਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਅਤੇ ਪਾਵਨ ਬਚਨਾਂ ਦੀ ਸਾਂਝ ਪਾਉਣਗੇ। ਇਸ ਦੇ ਨਾਲ ਹੀ ਸਿੱਖ ਇਤਿਹਾਸ ਨਾਲ ਸਬੰਧਤ ਬੁੱਢਾ ਦਲ ਦੇ ਪਾਸ ਪਾਵਨ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ-ਦੀਦਾਰੇ ਵੀ ਕਰਵਾਏ ਜਾਣਗੇ।
ਇਸ ਸਮੇਂ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੂਹ ਸਥਾਨਕ ਸੰਗਤਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਵਿਦੇਸ਼ਾਂ ਵਿਚ ਵਸਦੀਆਂ ਸੰਗਤਾਂ ਦਾ ਦਿਤਾ ਜਾ ਰਿਹਾ ਪਿਆਰ ਅਤੇ ਸਹਿਯੋਗ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਿਹਾ ਹੈ। ਇਸ ਮੌਕੇ ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਅਮਰੀਕਾ, ਭਾਈ ਰਣਜੀਤ ਸਿੰਘ, ਜਥੇਦਾਰ ਗੁਰਚਰਨ ਸਿੰਘ ਜੀ ਅਨੰਦਪੁਰ ਸਾਹਿਬ ਅਤੇ ‘ਸਿੱਖ ਯੂਥ ਆਫ਼ ਸਵਿਟਜ਼ਰਲੈਂਡ’ ਦੇ ਸੰਸਥਾਪਕ ਭਾਈ ਕਰਨਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।
