ਅੰਬਾਲਾ : ਅੰਬਾਲਾ ਦੇ ਸ਼ੰਭੂ ਟੋਲ ਪਲਾਜ਼ਾ ‘ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਦੇ ਪ੍ਰਦਰਸ਼ਨ ਨੂੰ ਪੁਲਿਸ-ਪ੍ਰਸ਼ਾਸਨ ਨੇ ਡੇਢ ਘੰਟੇ ‘ਚ ਖਤਮ ਕਰ ਦਿੱਤਾ। ਧਰਨੇ ਦੌਰਾਨ ਫੜੇ ਗਏ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਮੌਕੇ ਤੋਂ ਹਟਾ ਦਿੱਤਾ, ਜਿਸ ਮਗਰੋਂ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ।
ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਕਿਸਾਨ ਸ਼ੰਭੂ ਟੋਲ ਵਿਖੇ ਧਰਨੇ ‘ਤੇ ਬੈਠੇ ਸਨ। ਪ੍ਰਦਰਸ਼ਨ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪ੍ਰਸ਼ਾਸਨ ਨੇ ਮੌਕੇ ’ਤੇ ਵਾਧੂ ਪੁਲੀਸ ਬਲ ਤਾਇਨਾਤ ਕਰਕੇ ਸਥਿਤੀ ’ਤੇ ਕਾਬੂ ਪਾਇਆ।ਕੀ ਸੀ ਮਾਮਲਾ
ਚੜੂਨੀ ਗਰੁੱਪ ਨੇ ਭਲਕੇ ਯਾਨੀ ਮੰਗਲਵਾਰ ਨੂੰ ਦਿੱਲੀ ਕਿਸਾਨ ਘਾਟ ਜਾਣ ਦਾ ਵੱਡਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਸਾਹਮਣੇ ਆਈ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸਰਕਾਰ ਦੇ ਅਮਰੀਕਾ ਨਾਲ ਵਪਾਰਕ ਸਮਝੌਤੇ ਦਾ ਸਖ਼ਤ ਵਿਰੋਧ ਕਰ ਰਹੇ ਹਨ। ਇਸ ਸਬੰਧੀ ਅੱਜ ਕਿਸਾਨਾਂ ਨੇ ਅਚਾਨਕ ਸ਼ੰਭੂ ਟੋਲ ਪਲਾਜ਼ਾ ’ਤੇ ਡੇਰਾ ਲਾ ਲਿਆ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਫਿਲਹਾਲ ਸ਼ੰਭੂ ਟੋਲ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹਨ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਕਿਸਾਨ ਆਪਣੀਆਂ ਮੰਗਾਂ ਤੇ ਗੁਰਨਾਮ ਸਿੰਘ ਚੜੂਨੀ ਦੀ ਰਿਹਾਈ ‘ਤੇ ਅੜੇ ਹੋਏ ਹਨ। ਪੰਜਾਬ ਦੇ ਕਿਸਾਨ ਵੀ ਸ਼ੰਭੂ ਟੋਲ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਅੰਬਾਲਾ ਦੇ ਸ਼ੰਭੂ ਟੋਲ ਪਲਾਜ਼ਾ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਜਾਮ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਿਹਾ ਹੈ। ਇਸ ਮਾਮਲੇ ‘ਤੇ ਸਥਿਤੀ ਸਪੱਸ਼ਟ ਕਰਦਿਆਂ ਅੰਬਾਲਾ ਦੇ ਡੀ.ਐਸ.ਪੀ. ਜਗਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਵੱਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਡੀ.ਐਸ.ਪੀ. ਜਗਬੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਸੜਕ ਦਾ ਇੱਕ ਪਾਸਾ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਵਾਲੀ ਸੜਕ ਨੂੰ ਵੀ ਜਲਦੀ ਹੀ ਕਿਸਾਨਾਂ ਤੋਂ ਖਾਲੀ ਕਰਵਾਇਆ ਜਾਵੇਗਾ ਤਾਂ ਜੋ ਆਵਾਜਾਈ ਆਮ ਵਾਂਗ ਹੋ ਸਕੇ।












