Homeਧਰਮ12 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ...

12 ਸਤੰਬਰ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ..

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। 12 ਸਤੰਬਰ ਨੂੰ ਮਨਾਏ ਜਾਣ ਵਾਲੇ ਇਸ ਇਤਿਹਾਸਕ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਵੱਖ-ਵੱਖ ਕਿਸਮਾਂ ਦੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।

ਇਸ ਵਾਰ ਸਜਾਵਟ ਲਈ 50 ਟਨ ਤੋਂ ਵੱਧ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਲਗਭਗ 60 ਕਿਸਮਾਂ ਦੇ ਫੁੱਲ ਸ਼ਾਮਲ ਹਨ, ਜੋ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਮੰਗਵਾਏ ਗਏ ਹਨ।

12 ਤੋਂ ਵੱਧ ਦੇਸ਼ਾਂ ਤੋਂ ਪਹੁੰਚ ਰਹੇ ਫੁੱਲ

ਸੇਵਾ ਪ੍ਰੇਮੀ ਪ੍ਰਭਲੀਨ ਸਿੰਘ ਮੁਤਾਬਕ ਫੁੱਲਾਂ ਦੀ ਇਹ ਵਿਸ਼ੇਸ਼ ਸੇਵਾ ਸੁਰਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪਿਛਲੇ ਕਰੀਬ 10 ਸਾਲਾਂ ਤੋਂ ਨਿਭਾਈ ਜਾ ਰਹੀ ਹੈ। ਇਸ ਵਾਰ ਵੀ ਵੱਡੇ ਪੱਧਰ ’ਤੇ ਸਜਾਵਟ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਜਾਵਟ ਲਈ ਪੰਜ ਤੋਂ ਵੱਧ ਟਰੱਕਾਂ ਵਿੱਚ ਫੁੱਲ ਸ੍ਰੀ ਦਰਬਾਰ ਸਾਹਿਬ ਪਹੁੰਚਾਏ ਜਾਣੇ ਹਨ। ਇਨ੍ਹਾਂ ਵਿੱਚੋਂ ਤਿੰਨ ਟਰੱਕ ਪਹੁੰਚ ਚੁੱਕੇ ਹਨ, ਜਦਕਿ ਬਾਕੀ ਫੁੱਲ ਵੀ ਜਲਦ ਪਹੁੰਚਣਗੇ।

ਫੁੱਲਾਂ ਦੀਆਂ ਕਈ ਕਿਸਮਾਂ ਹਾਲੈਂਡ, ਦੱਖਣੀ ਅਫਰੀਕਾ, ਕੀਨੀਆ, ਥਾਈਲੈਂਡ ਅਤੇ ਯੂਰਪ ਸਮੇਤ 12 ਤੋਂ ਵੱਧ ਦੇਸ਼ਾਂ ਤੋਂ ਮੰਗਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਬੈਂਗਲੁਰੂ, ਹੈਦਰਾਬਾਦ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਫੁੱਲ ਲਿਆਂਦੇ ਜਾ ਰਹੇ ਹਨ।

200 ਤੋਂ ਵੱਧ ਸੇਵਾਦਾਰ, 100 ਤੋਂ ਵੱਧ ਮਾਹਿਰ ਕਾਰੀਗਰ ਜੁਟੇ

ਸ੍ਰੀ ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਨੂੰ ਸ਼ਾਨਦਾਰ ਰੂਪ ਦੇਣ ਲਈ 200 ਤੋਂ ਵੱਧ ਸੇਵਾਦਾਰ ਅਤੇ ਵਾਲੰਟੀਅਰ ਸੇਵਾ ਵਿੱਚ ਲੱਗੇ ਹੋਏ ਹਨ। ਇਸ ਦੇ ਨਾਲ ਹੀ 100 ਤੋਂ ਵੱਧ ਮਾਹਿਰ ਕਾਰੀਗਰ ਫੁੱਲਾਂ ਦੀ ਸਜਾਵਟ ਨੂੰ ਅੰਤਿਮ ਰੂਪ ਦੇ ਰਹੇ ਹਨ।

ਪੱਛਮੀ ਬੰਗਾਲ ਤੋਂ ਵਿਸ਼ੇਸ਼ ਫੁੱਲਾਂ ਦੀ ਸਜਾਵਟ ਕਰਨ ਵਾਲੇ ਕਾਰੀਗਰ ਪਹੁੰਚੇ ਹਨ, ਜਦਕਿ ਗੇਂਦੇ ਦੇ ਫੁੱਲਾਂ ਨਾਲ ਬਣਾਈਆਂ ਜਾਣ ਵਾਲੀਆਂ ਵਿਸ਼ੇਸ਼ ਆਕ੍ਰਿਤੀਆਂ ਅਤੇ ਡਿਜ਼ਾਈਨਾਂ ਲਈ ਉੱਤਰ ਪ੍ਰਦੇਸ਼ ਤੋਂ ਕਾਰੀਗਰ ਸੇਵਾ ਵਿੱਚ ਜੁਟੇ ਹੋਏ ਹਨ। ਸਜਾਵਟ ਦਾ ਕੰਮ 11 ਸਤੰਬਰ ਦੀ ਸ਼ਾਮ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਅੰਮ੍ਰਿਤਸਰ ਪਹੁੰਚਣ ਵਾਲੀ ਸੰਗਤ ਦਾ ਵੀ ਹੋਵੇਗਾ ਫੁੱਲਾਂ ਨਾਲ ਸਵਾਗਤ

ਪਹਿਲੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਦੀ ਇਹ ਸੇਵਾ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਤੱਕ ਸੀਮਤ ਨਹੀਂ ਰਹੇਗੀ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀ ਸੰਗਤ ਦੇ ਸਵਾਗਤ ਲਈ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਕਈ ਥਾਵਾਂ ’ਤੇ ਵੀ ਫੁੱਲਾਂ ਦੀ ਸਜਾਵਟ ਕੀਤੀ ਜਾਵੇਗੀ।

1604 ਈਸਵੀ ਵਿੱਚ ਹੋਇਆ ਸੀ ਪਹਿਲਾ ਪ੍ਰਕਾਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈਸਵੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਸੇਵਾ ਸੌਂਪੀ ਸੀ।

ਇਸ ਇਤਿਹਾਸਕ ਦਿਹਾੜੇ ਦੀ ਯਾਦ ਵਿੱਚ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸੰਗਤ ਦੇ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments