ਸਪੋਰਟਸ ਡੈਸਜ: ਸ਼੍ਰੀਹਰੀ ਨਟਰਾਜ ਨੇ ਅੱਜ 2026 ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੇ ਓਲੰਪੀਅਨ ਸ਼੍ਰੀਹਰੀ 25.37 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਤੀਜੇ ਸਥਾਨ ‘ਤੇ ਰਹੇ। ਉਹ ਸਮੁੱਚੇ ਨਤੀਜੇ ਵਿੱਚ ਸਾਂਝੇ ਤੌਰ ‘ਤੇ ਨੌਵੇਂ ਸਥਾਨ ‘ਤੇ ਰਹੇ ਅਤੇ ਫਾਈਨਲ ਲਈ ਕੁਆਲੀਫਾਈ ਕੀਤਾ।
ਰਿਸ਼ਭ ਦਾਸ ਮਾਮੂਲੀ ਫਰਕ ਨਾਲ ਫਾਈਨਲ ਤੋਂ ਬਾਹਰ
ਬੀਤੇ ਦਿਨ ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਵਿੱਚ ਛੇਵੇਂ ਸਥਾਨ ’ਤੇ ਰਹੇ ਰਿਸ਼ਭ ਦਾਸ 50 ਮੀਟਰ ਬੈਕਸਟ੍ਰੋਕ ਦੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਏ। ਰਿਸ਼ਭ ਨੇ 25.41 ਸਕਿੰਟ ਦਾ ਸਮਾਂ ਕੱਢਿਆ ਅਤੇ ਕੁੱਲ ਮਿਲਾ ਕੇ 11ਵਾਂ ਸਥਾਨ ਹਾਸਲ ਕੀਤਾ। ਉਹ ਫਾਈਨਲ ਲਈ ਰਿਜ਼ਰਵ ਖਿਡਾਰੀ ਹੋਣਗੇ।
ਆਕਾਸ਼ ਮਨੀ ਅਤੇ ਗੀਤਾਸ਼ ਸ਼ਾਹ 50 ਮੀਟਰ ਫ੍ਰੀਸਟਾਈਲ ਵਿੱਚ ਹੋਏ ਆਊਟ
ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ ਵਿੱਚ ਆਕਾਸ਼ ਮਨੀ ਅਤੇ ਗੀਤਾਸ਼ ਸ਼ਾਹ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਆਕਾਸ਼ 26ਵੇਂ ਅਤੇ ਗੀਤਾਸ਼ 28ਵੇਂ ਸਥਾਨ ‘ਤੇ ਰਹੇ। ਆਕਾਸ਼ ਨੇ 23.43 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਪਰ ਸਮੁੱਚੇ ਨਤੀਜੇ ਵਿੱਚ ਉਹ ਫਾਈਨਲ ਲਈ ਲੋੜੀਂਦੇ ਚੋਟੀ ਦੇ ਸਥਾਨਾਂ ਵਿੱਚ ਜਗ੍ਹਾ ਨਹੀਂ ਬਣਾ ਸਕੇ। ਜਦੋਂ ਕਿ ਗੀਤਾਸ਼ ਨੇ 23.57 ਸਕਿੰਟ ਦਾ ਸਮਾਂ ਕੱਢਿਆ ਅਤੇ ਆਪਣੀ ਹੀਟ ਵਿੱਚ ਸਭ ਤੋਂ ਆਖਰੀ ਸਥਾਨ ‘ਤੇ ਰਹੇ।
ਦੱਖਣੀ ਕੋਰੀਆ ਦੇ ਤੈਰਾਕ ਨੇ ਏਸ਼ੀਆਈ ਖੇਡਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ
ਦੱਖਣੀ ਕੋਰੀਆ ਦੇ ਯੰਗਬੀਓਮ ਕਿਮ ਨੇ ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ ਵਿੱਚ 21.71 ਸਕਿੰਟ ਦਾ ਸਮਾਂ ਕੱਢ ਕੇ ਏਸ਼ੀਆਈ ਖੇਡਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਸ ਮੁਕਾਬਲੇ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸਭ ਤੋਂ ਤੇਜ਼ ਰਿਹਾ ਅਤੇ ਉਨ੍ਹਾਂ ਨੇ ਇੱਕ ਨਵਾਂ ਖੇਡਾਂ ਦਾ ਰਿਕਾਰਡ ਆਪਣੇ ਨਾਮ ਕੀਤਾ।
ਦਾਨੁਸ਼ ਸੁਰੇਸ਼ ਵੀ ਫਾਈਨਲ ਵਿੱਚ ਨਹੀਂ ਬਣਾ ਸਕੇ ਥਾਂ
ਭਾਰਤ ਦੇ ਦਾਨੁਸ਼ ਸੁਰੇਸ਼ ਵੀ ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਉਨ੍ਹਾਂ ਨੇ 1 ਮਿੰਟ 3.46 ਸਕਿੰਟ ਦਾ ਸਮਾਂ ਲਿਆ। ਦਾਨੁਸ਼ ਆਪਣੀ ਹੀਟ ਵਿੱਚ ਅੱਠਵੇਂ ਸਥਾਨ ‘ਤੇ ਰਹੇ, ਜਦਕਿ ਸਮੁੱਚੇ ਨਤੀਜੇ ਨੇ ਉਨ੍ਹਾਂ ਨੂੰ 22ਵਾਂ ਸਥਾਨ ਦਿੱਤਾ।
ਭਾਰਤ 4×200 ਮੀਟਰ ਫ੍ਰੀਸਟਾਈਲ ਰਿਲੇਅ ਵਿੱਚ ਵੀ ਹੋਇਆ ਆਊਟ
ਭਾਰਤ ਦੀ ਪੁਰਸ਼ਾਂ ਦੀ 4×200 ਮੀਟਰ ਫ੍ਰੀਸਟਾਈਲ ਰਿਲੇਅ ਟੀਮ ਵੀ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਭਾਰਤੀ ਟੀਮ ਵਿੱਚ ਸਾਜਨ ਪ੍ਰਕਾਸ਼, ਦਕਸ਼ਣ ਸ਼ਸੀਕੁਮਾਰ, ਵੇਦਾਂਤ ਮਾਧਵਨ ਅਤੇ ਅਨੀਸ਼ ਸੁਨੀਲ ਸ਼ਾਮਲ ਸਨ। ਭਾਰਤੀ ਕੁਆਟਰ ਨੇ 7 ਮਿੰਟ 24.32 ਸਕਿੰਟ ਦਾ ਸਮਾਂ ਕੱਢਿਆ ਅਤੇ 13 ਟੀਮਾਂ ਵਿੱਚੋਂ ਨੌਵੇਂ ਸਥਾਨ ‘ਤੇ ਰਿਹਾ। ਇਸ ਪ੍ਰਦਰਸ਼ਨ ਨਾਲ ਟੀਮ ਫਾਈਨਲ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ।
ਤੈਰਾਕੀ ਵਿੱਚ ਭਾਰਤ ਦਾ ਦਿਨ ਮਿਲਿਆ -ਜੁਲਿਆ ਰਿਹਾ
ਏਸ਼ੀਆਈ ਖੇਡਾਂ ‘ਚ ਅੱਜ ਦਾ ਦਿਨ ਭਾਰਤੀ ਤੈਰਾਕਾਂ ਲਈ ਮਿਲਿਆ -ਜੁਲਿਆ ਰਿਹਾ। ਸ਼੍ਰੀਹਰੀ ਨਟਰਾਜ ਨੇ 50 ਮੀਟਰ ਬੈਕਸਟ੍ਰੋਕ ਦੇ ਫਾਈਨਲ ‘ਚ ਪਹੁੰਚ ਕੇ ਭਾਰਤ ਦੀ ਉਮੀਦ ਜਗਾਈ, ਜਦਕਿ ਰਿਸ਼ਭ ਦਾਸ, ਆਕਾਸ਼ ਮਨੀ, ਗੀਤਾਸ਼ ਸ਼ਾਹ ਅਤੇ ਦਾਨੁਸ਼ ਸੁਰੇਸ਼ ਆਪਣੇ-ਆਪਣੇ ਮੁਕਾਬਲਿਆਂ ਦੇ ਅਗਲੇ ਦੌਰ ‘ਚ ਜਗ੍ਹਾ ਨਹੀਂ ਬਣਾ ਸਕੇ। 4ਣ200 ਮੀਟਰ ਫ੍ਰੀਸਟਾਈਲ ਰਿਲੇਅ ਟੀਮ ਵੀ ਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੇ।
