ਸਪੋਰਟਸ ਡੈਸਕ: ਕ੍ਰਿਕਟ ਆਸਟ੍ਰੇਲੀਆ ਨੇ ਸਾਬਕਾ ਦਿੱਗਜ ਬੱਲੇਬਾਜ਼ ਮਾਈਕਲ ਹਸੀ ਨੂੰ ਏਸ਼ੇਜ਼ 2027 ਅਤੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਟੀਮ ਦਾ ਸਲਾਹਕਾਰ ਕੋਚ ਨਿਯੁਕਤ ਕੀਤਾ ਹੈ। ਮਾਈਕ ਹਸੀ ਆਸਟ੍ਰੇਲੀਆ ਦੇ ਆਉਣ ਵਾਲੇ ਕ੍ਰਿਕਟ ਕੈਲੰਡਰ ਦੇ ਦੋ ਸਭ ਤੋਂ ਵੱਡੇ ਟੂਰਨਾਮੈਂਟਾਂ ਲਈ ਕੋਚਿੰਗ ਸਟਾਫ਼ ਦਾ ਹਿੱਸਾ ਹੋਣਗੇ। ਉਨ੍ਹਾਂ ਨੂੰ ਏਸ਼ੇਜ਼ 2027 ਅਤੇ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਸਲਾਹਕਾਰ ਕੋਚ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ, ਲਾਸ ਏਂਜਲਸ ਓਲੰਪਿਕ ਅਤੇ 2028 ਦੇ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਤੱਕ ਚੱਲਣ ਵਾਲੇ ਪੂਰੇ ਚੱਕਰ ਲਈ ਉਹ ਟੀਮ ਦੇ ਟੀ-20 ਸਲਾਹਕਾਰ ਵੀ ਰਹਿਣਗੇ।
ਇਹ ਨਿਯੁਕਤੀ ਉਸ ਸਮੇਂ ਹੋਈ ਹੈ, ਜਦੋਂ ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ੀ ਕੋਚ ਵਜੋਂ ਹਸੀ ਦਾ ਅੱਠ ਸਾਲ ਦਾ ਕਾਰਜਕਾਲ ਹਾਲ ਹੀ ਵਿੱਚ ਖ਼ਤਮ ਹੋਇਆ ਹੈ। ਉਹ 2018 ਤੋਂ ਇਸ ਭੂਮਿਕਾ ਵਿੱਚ ਸਨ, ਪਰ ਇਸ ਸਾਲ ਫ੍ਰੈਂਚਾਇਜ਼ੀ ਵੱਲੋਂ ਨਵੇਂ ਕੋਚਿੰਗ ਸਟਾਫ਼ ਨਾਲ ਨਵੀਂ ਸ਼ੁਰੂਆਤ ਕਰਨ ਦੇ ਫ਼ੈਸਲੇ ਕਾਰਨ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ।
ਆਸਟ੍ਰੇਲੀਆ ਨਾਲ ਉਨ੍ਹਾਂ ਦਾ ਕੰਮ ਇਸੇ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਵੇਗਾ, ਜਦੋਂ ਆਸਟ੍ਰੇਲੀਆ ਆਪਣੀ ਧਰਤੀ ’ਤੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਖੇਡੇਗਾ। ਹਸੀ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਦੀਆਂ ਤਿਆਰੀਆਂ ਵਿੱਚ ਵੀ ਟੀਮ ਦੀ ਮਦਦ ਕਰਨਗੇ।
ਕ੍ਰਿਕਟ ਆਸਟ੍ਰੇਲੀਆ (CA) ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਟੀ-20 ਵਿੱਚ ਹਸੀ ਦੀ ਭੂਮਿਕਾ ਕਾਫ਼ੀ ਵਿਆਪਕ ਹੋਵੇਗੀ। ਇਸ ਵਿੱਚ ‘ਮੁਹਿੰਮ ਦੀ ਰਣਨੀਤੀ ਤਿਆਰ ਕਰਨਾ, ਵਿਰੋਧੀ ਟੀਮ ਬਾਰੇ ਜਾਣਕਾਰੀ ਇਕੱਠੀ ਕਰਨਾ, ਨਵੇਂ ਖਿਡਾਰੀਆਂ ਦੀ ਭਾਲ ਕਰਨਾ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ’ ਵਰਗੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।
