ਉਨਾਓ : ਜ਼ਿਲ੍ਹੇ ਦੇ ਕਾਨਪੁਰ-ਲਖਨਊ ਰਾਸ਼ਟਰੀ ਰਾਜਮਾਰਗ ‘ਤੇ ਅੱਜ ਸਵੇਰੇ ਇੱਕ ਰੋਡਵੇਜ਼ ਬੱਸ ਦੇ ਟਰੱਕ ਨਾਲ ਟਕਰਾਉਣ ਦੇ ਬਾਅਦ ਬੱਸ ਵਿੱਚੋਂ ਉਤਰੇ ਤਿੰਨ ਯਾਤਰੀਆਂ ਦੀ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ, ਜਦਕਿ ਕੰਡਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਹਾਦਸੇ ਬਾਰੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਅਨੁਸਾਰ ਇਹ ਹਾਦਸਾ ਅੱਜ ਸਵੇਰੇ 2 ਵਜੇ ਦੇ ਕਰੀਬ ਉਨਾਓ ਜ਼ਿਲ੍ਹੇ ਦੇ ਦਹੀ ਥਾਣਾ ਖੇਤਰ ਵਿੱਚ ਕਾਨਪੁਰ-ਲਖਨਊ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਦਹੀ ਥਾਣਾ ਦੇ ਇੰਚਾਰਜ ਇੰਸਪੈਕਟਰ ਗਿਆਨੇਂਦਰ ਸਿੰਘ ਨੇ ਦੱਸਿਆ ਕਿ ਬੱਸ ਅੱਗੇ ਚੱਲ ਰਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕੰਡਕਟਰ ਅਤੇ ਕੁਝ ਯਾਤਰੀ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਬੱਸ ਤੋਂ ਉਤਰ ਗਏ।
ਮੁੱਢਲੀ ਜਾਂਚ ਦੇ ਅਨੁਸਾਰ, ਬੱਸ ਡਰਾਈਵਰ ਨੇ ਕਥਿਤ ਤੌਰ ‘ਤੇ ਇਹ ਅਹਿਸਾਸ ਕੀਤੇ ਬਿਨਾਂ ਕਿ ਯਾਤਰੀ ਅਤੇ ਕੰਡਕਟਰ ਬੱਸ ਦੇ ਸਾਹਮਣੇ ਖੜ੍ਹੇ ਹਨ, ਗੱਡੀ ਅੱਗੇ ਭਜਾ ਦਿੱਤੀ।
ਸਟੇਸ਼ਨ ਇੰਚਾਰਜ ਨੇ ਕਿਹਾ ਕਿ ਤਿੰਨ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੰਡਕਟਰ, ਇੰਦਰਪਾਲ ਸਿੰਘ (48), ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਰਾਮਨਰੇਸ਼ (40) ਵਜੋਂ ਹੋਈ ਹੈ, ਜੋ ਆਪਣੀ ਪਤਨੀ ਨਾਲ ਆਪਣੇ ਸਹੁਰੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਕਾਨਪੁਰ ਜਾ ਰਿਹਾ ਸੀ। ਦੂਜੇ ਮ੍ਰਿਤਕ ਦੀ ਪਛਾਣ ਬਸਤੀ ਜ਼ਿਲ੍ਹੇ ਦੇ ਨਿਵਾਸੀ ਰਾਜਿੰਦਰ (40) ਵਜੋਂ ਹੋਈ ਹੈ, ਜਦੋਂ ਕਿ ਤੀਜੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।












