ਮਾਨਸਾ : ਨਸ਼ਿਆਂ ਵਿਰੁੱਧ ਸੰਘਰਸ਼ ਕਰਦਿਆਂ ਆਪਣੀ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਅੱਜ , 8 ਨਵੰਬਰ ਨੂੰ ਦੁਪਹਿਰ ਸਮੇਂ ਕੀਤਾ ਜਾਵੇਗਾ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਮੌਕੇ ‘ਤੇ ਹਰ ਨੌਜਵਾਨ ਨਸ਼ਿਆਂ ਨੂੰ ਤਿਆਗਣ ਅਤੇ ਇਨ੍ਹਾਂ ਤੋਂ ਦੂਰ ਰਹਿਣ ਦਾ ਸੰਕਲਪ ਲਵੇ।
ਉਨ੍ਹਾਂ ਕਿਹਾ ਕਿ ਇਹੀ ਉਨ੍ਹਾਂ ਦੇ ਪੁੱਤਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਬੀਤੇ ਵੀਰਵਾਰ ਅੱਧੀ ਰਾਤ ਨੂੰ ਮਾਨਸਾ ਦੇ ਸਿਵਲ ਹਸਪਤਾਲ ਤੋਂ ਐਂਬੂਲੈਂਸ ਰਾਹੀਂ ਅਰਦਾਸ ਕਰਨ ਉਪਰੰਤ ਝੋਟਾ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜੀ ਗਈ ਸੀ। ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਪੋਸਟਮਾਰਟਮ ਪੂਰਾ ਕਰ ਲਿਆ ਗਿਆ ਹੈ। ਝੋਟਾ ਦੀ ਮ੍ਰਿਤਕ ਦੇਹ ਪੀ.ਜੀ.ਆਈ. ਵਿਖੇ ਰੱਖੀ ਗਈ ਹੈ। ਪਰਿਵਾਰ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਸਵੇਰੇ 5 ਵਜੇ ਮ੍ਰਿਤਕ ਦੇਹ ਲੈ ਕੇ ਰਵਾਨਾ ਹੋਵੇਗਾ।
ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਕਰਨ ਲਈ ਚਕੇਰੀਆਂ ਰੋਡ ਸਥਿਤ ਉਸ ਦੇ ਆਪਣੇ ਖੇਤ ਵਿੱਚ ਹੀ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਘਰ ਵੱਲ ਜਾਣ ਵਾਲੀ ਸੜਕ ਵੀ ਬਣਾ ਦਿੱਤੀ ਗਈ ਹੈ। ਅੰਤਿਮ ਸਸਕਾਰ 8 ਨਵੰਬਰ, ਦੀਵਾਲੀ ਵਾਲੇ ਦਿਨ ਦੁਪਹਿਰ ਕਰੀਬ 2 ਵਜੇ ਕੀਤਾ ਜਾਵੇਗਾ। ਉੱਧਰ ਝੋਟਾ ਦੇ ਪਿਤਾ ਵੱਲੋਂ ਪੀ.ਜੀ.ਆਈ. ਵਿਖੇ ਕੀਤੀ ਜਾ ਰਹੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਝੋਟਾ ਦੇ ਸਮਰਥਕਾਂ ਅਤੇ ਸਾਥੀਆਂ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਦੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਉੱਧਰ ਮਾਨਸਾ ਦੇ ਤਿੰਨਕੋਣੀ ਚੌਕ ਵਿਖੇ 26ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਦੌਰਾਨ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਟ੍ਰੋਲ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਲਾਲਚ ਜਾਂ ਲੋਭ ਵਿੱਚ ਆ ਕੇ ਸਰਕਾਰ ਨਾਲ ਇਹ ਸਮਝੌਤਾ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਪਤੀ ਦੇ ਵਿਛੋੜੇ ਕਾਰਨ ਜੋ ਘਾਟਾ ਪਿਆ ਹੈ, ਉਸ ਨੂੰ ਪੈਸੇ, ਨੌਕਰੀਆਂ ਜਾਂ ਸੁੱਖ-ਸਹੂਲਤਾਂ ਕਦੇ ਵੀ ਪੂਰਾ ਨਹੀਂ ਕਰ ਸਕਦੀਆਂ।










