ਨਵੀਂ ਦਿੱਲੀ : ਰੂਸ ਦੇ ਉਪ ਪ੍ਰਧਾਨ ਮੰਤਰੀ ਦਿਮਿਤਰੀ ਪੇਤਰੁਸ਼ੇਵ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੇ ਨਾਲ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਬੀਤੇ ਦਿਨ ਖੇਤੀਬਾੜੀ ਭਵਨ ਵਿੱਚ ਉੱਚ ਪੱਧਰ ਦੀ ਬੈਠਕ ਹੋਈ। ਬੈਠਕ ਦੇ ਬਾਅਦ ਸ਼ਿਵਰਾਜ ਸਿੰਘ ਨੇ ਕਿਹਾ ਕਿ ਇਹ ਮੁਲਾਕਾਤ ਮਿੱਤਰਵਤ ਅਤੇ ਲਾਭਦਾਇਕ ਸੀ। ਜਿਸ ਵਿੱਚ ਖੇਤੀਬਾੜੀ ਅਤੇ ਖਾਣ-ਪਾਣ ਦੀ ਸੁਰੱਖਿਆ ਦੇ ਖੇਤਰ ਵਿੱਚ ਆਪਸੀ ਸਹਿਯੋਗ, ਦੋ-ਪੱਖੀ ਵਪਾਰ ਨੂੰ ਸੰਤੁਲਿਤ ਕਰਨ, ਤਕਨੀਕੀ ਭਾਈਵਾਲੀ ਨੂੰ ਮਜਬੂਤ ਕਰਨ ‘ਤੇ ਵਿਆਪਕ ਚਰਚਾ ਹੋਈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਰੂਸ ਦੇ ਸਮਰਥਨ ਅਤੇ ਸਹਿਯੋਗ ਨਾਲ ਵਪਾਰ ਅਤੇ ਲੰਬਿਤ ਮੁੱਦਿਆਂ ਦਾ ਨਿਸ਼ਚਿਤ ਤੌਰ ‘ਤੇ ਹੱਲ ਨਿਕਲੇਗਾ, ਜਿਸ ਦਾ ਲਾਭ ਸਾਡੇ ਕਿਸਾਨਾਂ, ਉਪਭੋਗਤਾਵਾਂ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲੇਗਾ। ਰੂਸ ਅਤੇ ਭਾਰਤ ਦੀ ਮਿੱਤਰਤਾ ਸ਼ਾਂਤੀ ਅਤੇ ਸਥਿਰਤਾ ਲਈ ਵੀ ਜ਼ਰੂਰੀ ਹੈ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਕਰਦਿਆਂ ਰੂਸ ਦੇ ਨਾਲ ਹੋਰ ਵੀ ਬਿਹਤਰ ਖੇਤੀ ਵਪਾਰ ਕਰ ਸਕੀਏ, ਨਵੀਨਤਾ ਕਰ ਸਕੀਏ, ਖਾਣ-ਪਾਣ ਦੀ ਸੁਰੱਖਿਆ ਲਈ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ, ਸਿੱਖਿਆ ਦੇ ਖੇਤਰ ਵਿੱਚ ਕੰਮ ਕਰੀਏ, ਇਹ ਸਾਡੀ ਮੰਸ਼ਾ ਹੈ। ਇਨ੍ਹਾਂ ਮੁੱਦਿਆਂ ‘ਤੇ ਸਕਾਰਾਤਮਕ ਚਰਚਾ ਹੋਈ ਹੈ।
ਕੇਂਦਰੀ ਮੰਤਰੀ ਚੌਹਾਨ ਨੇ ਦੱਸਿਆ ਕਿ ਭਾਰਤ ਦੇ ਬਹੁਤ ਸਾਰੇ ਉਤਪਾਦਾਂ ਦੀ ਰੂਸ ਦੇ ਬਾਜ਼ਾਰਾਂ ਤੱਕ ਪਹੁੰਚ ਹੋ ਸਕਦੀ ਹੈ, ਪਰ ਫਾਈਟੋਸੈਨਿਟਰੀ ਮਾਪਦੰਡ ਅਤੇ ਗੈਰ-ਟੈਰਿਫ ਰੁਕਾਵਟਾਂ ਕਾਰਨ ਉਨ੍ਹਾਂ ਦੇ ਨਿਰਯਾਤ ਵਿੱਚ ਰੁਕਾਵਟਾਂ ਆ ਰਹੀਆਂ ਹਨ। ਚੌਹਾਨ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਭਾਰਤ ਵਿੱਚ ਖੇਤਾਂ ਦਾ ਆਕਾਰ ਕਾਫ਼ੀ ਛੋਟਾ ਹੈ ਅਤੇ ਛੋਟੇ ਕਿਸਾਨ ਕਈ ਵਾਰ ਅਜਿਹੇ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿੱਚ ਸਮਰੱਥ ਨਹੀਂ ਹੋ ਪਾਉਂਦੇ, ਇਸ ਲਈ ਇਨ੍ਹਾਂ ਰੁਕਾਵਟਾਂ ਦਾ ਮਿਲ ਕੇ ਹੱਲ ਕੱਢਣ ਦੀ ਲੋੜ ਹੈ। ਸ਼ਿਵਰਾਜ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਫਾਈਟੋਸੈਨਿਟਰੀ ਮਾਪਦੰਡ ਅਤੇ ਗੈਰ-ਟੈਰਿਫ ਰੁਕਾਵਟਾਂ ਨਾਲ ਜੁੜੇ ਜੋ ਮਾਮਲੇ ਹਨ, ਉਨ੍ਹਾਂ ਦਾ ਜਲਦੀ ਹੱਲ ਹੋਵੇਗਾ।
