ਨਵੀਂ ਦਿੱਲੀ: ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਇੱਥੇ ਯਮੁਨਾ ਨਦੀ ‘ਤੇ ‘ਨਮੋ ਯਮੁਨਾ ਰਿਵਰ ਸਫਾਰੀ’ ਸੇਵਾ ਦੀ ਸ਼ੁਰੂਆਤ ਕੀਤੀ। ਇਸ ਤਹਿਤ ਸੋਨੀਆ ਵਿਹਾਰ ਤੋਂ ਜਗਤਪੁਰ ਤੱਕ 6 ਕਿਲੋਮੀਟਰ ਦੀ ਰਾਊਂਡ ਟ੍ਰਿਪ ਵਿੱਚ ਸੈਲਾਨੀ ਕਰੂਜ਼ ਯਾਤਰਾ ਅਤੇ ਵੱਖ-ਵੱਖ ਮਨੋਰੰਜਨ ਗਤੀਵਿਧੀਆਂ ਦਾ ਆਨੰਦ ਲੈ ਸਕਣਗੇ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਕਪਿਲ ਮਿਸ਼ਰਾ, ਮੰਤਰੀ ਪ੍ਰਵੇਸ਼ ਵਰਮਾ ਅਤੇ ਹੋਰ ਪਤਵੰਤੇ ਮੌਜੂਦ ਸਨ।
ਉਦਘਾਟਨ ਤੋਂ ਬਾਅਦ ਸੋਨੋਵਾਲ, ਰੇਖਾ ਗੁਪਤਾ ਅਤੇ ਹੋਰ ਆਗੂਆਂ ਨੇ ਯਮੁਨਾ ਨਦੀ ਵਿੱਚ ਕਰੂਜ਼ ਦੀ ਸਵਾਰੀ ਵੀ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੋਵਾਲ ਨੇ ਕਿਹਾ ਕਿ ਮਾਂ ਯਮੁਨਾ ਦੇ ਆਸ਼ੀਰਵਾਦ ਨਾਲ ਦਿੱਲੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੀ ਪਹਿਲ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪੂਰੀ ਟੀਮ ਨੇ ਅੰਦਰੂਨੀ ਜਲ ਮਾਰਗ ਅਥਾਰਟੀ ਨਾਲ ਮਿਲ ਕੇ ਇਸ ਪਹਿਲ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦਿੱਤਾ ਹੈ।
ਸੋਨੀਆ ਵਿਹਾਰ ਤੋਂ ਜਗਤਪੁਰ ਤੱਕ ਦੀ ਯਾਤਰਾ ਦੌਰਾਨ ਦਿੱਲੀ ਆਉਣ ਵਾਲੇ ਦੇਸ਼ੀ ਅਤੇ ਵਿਦੇਸ਼ੀ ਸੈਲਾਨੀ ਤਿੰਨ ਤੋਂ ਚਾਰ ਘੰਟਿਆਂ ਤੱਕ ਵੱਖ-ਵੱਖ ਮਨੋਰੰਜਨ ਗਤੀਵਿਧੀਆਂ ਦਾ ਆਨੰਦ ਲੈ ਸਕਣਗੇ।
ਪ੍ਰਾਜੈਕਟ ਨੂੰ ਸਾਕਾਰ ਕਰਨ ਵਿੱਚ ਮੰਤਰਾਲੇ ਨੂੰ ਮਿਲੇ ਪੂਰੇ ਸਹਿਯੋਗ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ, ਪ੍ਰੇਰਨਾ ਅਤੇ ਅਗਵਾਈ ਸਦਕਾ ਹੀ ਇਹ ਕੰਮ ਪੂਰਾ ਹੋ ਸਕਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਦੇ ਅੰਦਰੂਨੀ ਜਲ ਮਾਰਗਾਂ ਦੇ ਅਧਿਐਨ ਅਤੇ ਖੋਜ ਦੀ ਪਹਿਲ ਕੀਤੀ ਸੀ। ਪਹਿਲਾਂ ਨਦੀ ਕਰੂਜ਼ ਲਈ ਯੂਰਪ ਅਤੇ ਸਮੁੰਦਰੀ ਕਰੂਜ਼ ਲਈ ਮਿਆਮੀ ਦੀ ਉਦਾਹਰਨ ਦਿੱਤੀ ਜਾਂਦੀ ਸੀ ਅਤੇ ਇਹ ਧਾਰਨਾ ਸੀ ਕਿ ਭਾਰਤ ਵਿੱਚ ਅਜਿਹੇ ਪ੍ਰਾਜੈਕਟ ਸੰਭਵ ਨਹੀਂ ਹਨ, ਜਦਕਿ ਦੇਸ਼ ਵਿੱਚ ਗੰਗਾ ਅਤੇ ਬ੍ਰਹਮਪੁੱਤਰ ਵਰਗੀਆਂ ਵਿਸ਼ਾਲ ਨਦੀਆਂ ਮੌਜੂਦ ਹਨ।
ਭਾਰਤ ਨੇ ਦੁਨੀਆ ਦਾ ਸਭ ਤੋਂ ਲੰਬਾ ਨਦੀ ਕਰੂਜ਼ ਸਫਲਤਾਪੂਰਵਕ ਪੂਰਾ ਕਰਕੇ ਵਿਸ਼ਵ ਪੱਧਰ ‘ਤੇ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਇਸ ਕਰੂਜ਼ ਨੇ 3,200 ਕਿਲੋਮੀਟਰ ਦੀ ਯਾਤਰਾ ਦੌਰਾਨ 27 ਨਦੀ ਪ੍ਰਣਾਲੀਆਂ ਨੂੰ ਪਾਰ ਕੀਤਾ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯਮੁਨਾ ਵਿੱਚ ਸ਼ੁਰੂ ਹੋਈ ‘ਨਮੋ ਯਮੁਨਾ ਸਫਾਰੀ’ ਸਿਰਫ਼ ਕਰੂਜ਼, ਸਫਾਰੀ ਜਾਂ ਕਿਸ਼ਤੀ ਯਾਤਰਾ ਨਹੀਂ ਹੈ, ਸਗੋਂ ਮਾਂ ਯਮੁਨਾ ਪ੍ਰਤੀ ਲੋਕਾਂ ਦੀ ਡੂੰਘੀ ਆਸਥਾ, ਪਿਆਰ ਅਤੇ ਸ਼ਰਧਾ ਦਾ ਪ੍ਰਤੀਕ ਹੈ। ਇਹ ਦਿੱਲੀ ਵਾਸੀਆਂ ਲਈ ਇੱਕ ਨਵਾਂ ਤਜਰਬਾ ਹੈ, ਜਿਸ ਲਈ ਪਹਿਲਾਂ ਉਨ੍ਹਾਂ ਨੂੰ ਦੂਜੇ ਸ਼ਹਿਰਾਂ ਅਤੇ ਨਦੀਆਂ ਤੱਕ ਜਾਣਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਇੱਥੇ ਲਾਈਟ ਐਂਡ ਸਾਊਂਡ ਸ਼ੋਅ, ਮਨੋਰੰਜਨ ਗਤੀਵਿਧੀਆਂ ਅਤੇ ਬੱਚਿਆਂ ਤੇ ਬਾਲਗਾਂ ਲਈ ਵੱਖ-ਵੱਖ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਉਨ੍ਹਾਂ ਦਿੱਲੀ ਵਾਸੀਆਂ ਨੂੰ ਸੋਨੀਆ ਵਿਹਾਰ ਤੋਂ ਜਗਤਪੁਰ ਤੱਕ ਯਮੁਨਾ ਸਫਾਰੀ ਦਾ ਆਨੰਦ ਲੈਣ ਅਤੇ ਆਪਣੇ ਬੱਚਿਆਂ ਨੂੰ ਪਵਿੱਤਰ ਯਮੁਨਾ ਤੇ ਕੁਦਰਤ ਨਾਲ ਜਾਣੂ ਕਰਵਾਉਣ ਦੀ ਅਪੀਲ ਕੀਤੀ।
ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਸਹਿਯੋਗ ਨਾਲ ਦਿੱਲੀ ਵਿੱਚ ਆਵਾਜਾਈ ਦੀ ਭੀੜ ਘਟਾਉਣ ਲਈ 1 ਲੱਖ 25 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਲਾਗੂ ਕੀਤੇ ਗਏ ਹਨ। ਇਸ ਤਹਿਤ ਵੱਡੇ ਫਲਾਈਓਵਰ ਬਣਾਏ ਗਏ ਹਨ ਅਤੇ ਨਵੇਂ ਐਕਸਪ੍ਰੈੱਸਵੇਅ ਤਿਆਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 21 ਮਹੀਨਿਆਂ ਦੌਰਾਨ ਵਾਤਾਵਰਣ ਦੇ ਖੇਤਰ ਵਿੱਚ ਵੀ ਕੰਮ ਕੀਤਾ ਹੈ ਅਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਦੇ ਨਾਲ ਤਿਉਹਾਰ ਮਨਾਉਣ ਦੇ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਦਿੱਲੀ ਲਗਾਤਾਰ ਤਰੱਕੀ ਕਰ ਰਹੀ ਹੈ।
ਇਸ ਦੌਰਾਨ ਸੂਬਾ ਸਰਕਾਰ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਯਮੁਨਾ ਰਿਵਰਫਰੰਟ ਦਾ ਵਿਕਾਸ ਕਰਨਾ ਹੈ, ਜੋ ਪੂਰੀ ਨਦੀ ਦੀ ਸਫ਼ਾਈ ਤੋਂ ਬਾਅਦ ਹੀ ਸੰਭਵ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਨੇ 18-19 ਮਹੀਨਿਆਂ ਵਿੱਚ ਦਿੱਲੀ ਵਿੱਚੋਂ ਲੰਘਣ ਵਾਲੀ ਯਮੁਨਾ ਦੀ 52 ਕਿਲੋਮੀਟਰ ਲੰਬੀ ਧਾਰਾ ਦੇ ਅੱਧੇ ਹਿੱਸੇ ਦੀ ਸਫ਼ਾਈ ਕੀਤੀ ਹੈ।
