ਚੰਡੀਗੜ੍ਹ: ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਦੱਸਿਆ ਕਿ ਰੋਹਤਕ ਸਥਿਤ ਜੀਂਦ ਬਾਈਪਾਸ ਚੌਕ ’ਤੇ ਐਪ੍ਰੋਚ ਸਮੇਤ ਨਵੇਂ ਫਲਾਈਓਵਰ ਦੇ ਨਿਰਮਾਣ ਲਈ 91.97 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ।
ਗੰਗਵਾ ਨੇ ਦੱਸਿਆ ਕਿ ਇਸ ਮਹੱਤਵਾਕਾਂਖੀ ਪ੍ਰਾਜੈਕਟ ਨੂੰ ਹਰਿਆਣਾ ਰਾਜ ਸੜਕ ਅਤੇ ਪੁਲ ਵਿਕਾਸ ਨਿਗਮ (ਐਚ.ਐਸ.ਆਰ.ਡੀ.ਸੀ.) ਵੱਲੋਂ ਐਨ.ਸੀ.ਆਰ.ਪੀ.ਬੀ. (ਰਾਸ਼ਟਰੀ ਰਾਜਧਾਨੀ ਖੇਤਰ ਯੋਜਨਾ ਬੋਰਡ) ਕਰਜ਼ਾ ਸਹਾਇਤਾ ਯੋਜਨਾ ਤਹਿਤ ਪੂਰਾ ਕੀਤਾ ਜਾਵੇਗਾ।
ਜੀਂਦ ਬਾਈਪਾਸ ਚੌਕ ਰੋਹਤਕ ਦਾ ਇੱਕ ਪ੍ਰਮੁੱਖ ਅਤੇ ਸਭ ਤੋਂ ਵੱਧ ਵਿਅਸਤ ਟ੍ਰੈਫਿਕ ਜੰਕਸ਼ਨ ਹੈ। ਇੱਥੋਂ ਜੀਂਦ, ਨਰਵਾਣਾ, ਪਾਣੀਪਤ ਅਤੇ ਹਿਸਾਰ ਜਾਣ ਵਾਲੇ ਭਾਰੀ ਅਤੇ ਹਲਕੇ ਵਾਹਨਾਂ ਤੋਂ ਇਲਾਵਾ ਰੋਹਤਕ ਦੇ ਦੱਖਣੀ ਬਾਈਪਾਸ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਲਈ ਆਵਾਜਾਈ ਹੁੰਦੀ ਹੈ। ਇਸ ਸਮੇਂ ਇਸ ਮਾਰਗ ਤੋਂ ਰੋਜ਼ਾਨਾ 10,000 ਤੋਂ 12,000 ਵਾਹਨ ਲੰਘਦੇ ਹਨ, ਜਿਸ ਕਾਰਨ ਵਾਰ-ਵਾਰ ਜਾਮ ਲੱਗਦਾ ਹੈ ਅਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।










