Home ਦੇਸ਼ ਹਰੀਕੇ ਪੱਤਣ ਦੇ ਦਰਿਆਈ ਤੇ ਨਹਿਰੀ ਖੇਤਰ ‘ਚ ਦੁਰਲੱਭ ਘੜਿਆਲਾਂ ਦੀ ਮੁੜ...

ਹਰੀਕੇ ਪੱਤਣ ਦੇ ਦਰਿਆਈ ਤੇ ਨਹਿਰੀ ਖੇਤਰ ‘ਚ ਦੁਰਲੱਭ ਘੜਿਆਲਾਂ ਦੀ ਮੁੜ ਦਸਤਕ

0

ਪੱਟੀ: ਸਰਦੀਆਂ ਦੀ ਰੁੱਤ ਦੀ ਆਮਦ ਅਤੇ ਹਲਕੀ ਠੰਢ ਵਧਣ ਦੇ ਨਾਲ ਹੀ ਜਿੱਥੇ ਆਮ ਲੋਕ ਕੋਸੀ-ਕੋਸੀ ਧੁੱਪ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਹਰੀਕੇ ਹੈੱਡ ਵਰਕਸ ਨੇੜਲੇ ਦਰਿਆਈ ਅਤੇ ਨਹਿਰੀ ਖੇਤਰ ਵਿੱਚ ਦੁਰਲੱਭ ਪ੍ਰਜਾਤੀ ਦੇ ਘੜਿਆਲ ਵੀ ਪਾਣੀ ਤੋਂ ਬਾਹਰ ਨਿਕਲ ਕੇ ਕੰਢਿਆਂ ‘ਤੇ ਧੁੱਪ ਸੇਕਦੇ ਦਿਖਾਈ ਦੇ ਰਹੇ ਹਨ। ਨਹਿਰੀ ਕਿਨਾਰਿਆਂ ‘ਤੇ ਆਰਾਮ ਫਰਮਾ ਰਹੇ ਇਨ੍ਹਾਂ ਜਲ-ਜੀਵਾਂ ਦੇ ਮਨਮੋਹਕ ਦ੍ਰਿਸ਼ ਕੁਦਰਤ ਪ੍ਰੇਮੀਆਂ ਅਤੇ ਵਾਤਾਵਰਨ ਖੋਜੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜੀਵ ਵਿਗਿਆਨੀਆਂ ਅਨੁਸਾਰ, ਘੜਿਆਲ ਮਗਰਮੱਛ ਪਰਿਵਾਰ ਦੀ ਇੱਕ ਅਤਿ-ਸੰਕਟਗ੍ਰਸਤ ਪ੍ਰਜਾਤੀ ਹੈ, ਜਿਸ ਦੀ ਲੰਬੀ, ਪਤਲੀ ਥੂਥਨੀ ਅਤੇ ਤਿੱਖੇ ਦੰਦ ਇਸ ਨੂੰ ਵੱਖਰੀ ਪਛਾਣ ਦਿੰਦੇ ਹਨ। ਨਰ ਘੜਿਆਲ ਦੀ ਥੂਥਨੀ ਦੇ ਸਿਰੇ ‘ਤੇ ਘੜੇ ਵਰਗੀ ਬਣਤਰ ਹੋਣ ਕਾਰਨ ਇਸ ਨੂੰ ਘੜਿਆਲ ਕਿਹਾ ਜਾਂਦਾ ਹੈ। ਇਸ ਦੀ ਮੁੱਖ ਖ਼ੁਰਾਕ ਸਿਰਫ਼ ਮੱਛੀਆਂ ਹਨ ਅਤੇ ਇਹ ਆਮ ਤੌਰ ‘ਤੇ ਮਨੁੱਖਾਂ ਲਈ ਹਮਲਾਵਰ ਜਾਂ ਖ਼ਤਰਨਾਕ ਨਹੀਂ ਹੁੰਦਾ। ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਵਾਲਾ ਹਰੀਕੇ ਖੇਤਰ ਇਨ੍ਹਾਂ ਦੇ ਕੁਦਰਤੀ ਆਵਾਸ ਅਤੇ ਜੈਵਿਕ ਵਿਭਿੰਨਤਾ ਲਈ ਬੇਹੱਦ ਅਨੁਕੂਲ ਮੰਨਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਡਬਲਿਊ.ਡਬਲਿਊ.ਐੱਫ.-ਇੰਡੀਆ (WWF-India) ਦੇ ਸਹਿਯੋਗ ਨਾਲ ਦਸੰਬਰ 2017 ਤੋਂ 2021 ਦਰਮਿਆਨ ਪੰਜ ਪੜਾਵਾਂ ਵਿੱਚ 94 ਘੜਿਆਲ ਬਿਆਸ ਦਰਿਆ ਵਿੱਚ ਛੱਡੇ ਗਏ ਸਨ। ਮਾਰਚ-ਅਪ੍ਰੈਲ 2025 ਦੇ ਸਾਂਝੇ ਸਰਵੇਖਣ ਦੌਰਾਨ ਬਿਆਸ ਦਰਿਆ ਦੇ 22 ਸਥਾਨਾਂ ‘ਤੇ 37 ਘੜਿਆਲ ਦਰਜ ਕੀਤੇ ਗਏ ਸਨ, ਜਦਕਿ ਬੀਤੇ ਅਕਤੂਬਰ ਮਹੀਨੇ ਰਾਜਸਥਾਨ ਦੀ ਇੰਦਰਾ ਗਾਂਧੀ ਨਹਿਰ ਵਿੱਚੋਂ ਬਚਾਏ ਗਏ ਇੱਕ 12 ਫੁੱਟ ਲੰਬੇ ਬਾਲਗ ਘੜਿਆਲ ਨੂੰ ਵੀ ਮੁੜ ਬਿਆਸ ਦਰਿਆ ਵਿੱਚ ਛੱਡਿਆ ਗਿਆ ਹੈ। ਵਾਤਾਵਰਨ ਮਾਹਿਰਾਂ ਨੇ ਦਰਿਆਵਾਂ ਵਿੱਚ ਵਧ ਰਹੇ ਪ੍ਰਦੂਸ਼ਣ, ਗ਼ੈਰ-ਕਾਨੂੰਨੀ ਮੱਛੀ ਫੜਨ ਅਤੇ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਸਖ਼ਤ ਰੋਕ ਲਗਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਪੰਜਾਬ ਦੀ ਇਹ ਕੁਦਰਤੀ ਵਿਰਾਸਤ ਸੁਰੱਖਿਅਤ ਰਹਿ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version