ਕਾਲਕਾ: ਵਿਸ਼ਵ ਵਿਰਾਸਤ ਕਾਲਕਾ-ਸ਼ਿਮਲਾ ਨੈਰੋਗੇਜ ਰੇਲਖੰਡ ‘ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਅਤੇ ਸਰਦੀਆਂ ਦੀਆਂ ਛੁੱਟੀਆਂ ਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹਾੜਾਂ ਦੀ ਰਾਣੀ ਸ਼ਿਮਲਾ ਜਾਣ ਵਾਲੇ ਸੈਲਾਨੀਆਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਰੇਲਵੇ ਪ੍ਰਸ਼ਾਸਨ ਨੇ ਟਰੈਕ ਦੀ ਮੁਰੰਮਤ ਅਤੇ ਬਹਾਲੀ ਦੇ ਕੰਮਾਂ ਕਾਰਨ ਇਸ ਰੂਟ ‘ਤੇ ਕਈ ਟਰੇਨਾਂ ਨੂੰ ਰੱਦ ਕਰਨ ਅਤੇ ਕੁਝ ਟਰੇਨਾਂ ਨੂੰ ਵਿਚਕਾਰਲੇ ਸਟੇਸ਼ਨਾਂ ਤੱਕ ਸੀਮਤ ਕਰਨ ਦੀ ਸਮਾਂ-ਸੀਮਾ ਵਧਾ ਦਿੱਤੀ ਹੈ। ਅੰਬਾਲਾ ਮੰਡਲ ਦੇ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਇਹ ਨਵੀਂ ਵਿਵਸਥਾ ਆਗਾਮੀ 1 ਦਸੰਬਰ, 2026 ਤੋਂ 10 ਜਨਵਰੀ, 2027 ਤੱਕ ਲਾਗੂ ਰਹੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਕਾਲਕਾ-ਸ਼ਿਮਲਾ ਰੇਲਖੰਡ ‘ਤੇ ਟਕਸਾਲ ਅਤੇ ਗੁੰਮਣ ਰੇਲਵੇ ਸਟੇਸ਼ਨਾਂ ਦਰਮਿਆਨ ਕਿਲੋਮੀਟਰ 07/16-17 ਵਿਖੇ ਪੁਲ ਨੰਬਰ 57, 58 ਅਤੇ 62 ਦੇ ਆਸ-ਪਾਸ ਭਾਰੀ ਬਾਰਿਸ਼ ਕਾਰਨ ਮਿੱਟੀ ਖਿਸਕਣ ਅਤੇ ਜ਼ਮੀਨ ਧਸਣ ਦੀ ਘਟਨਾ ਵਾਪਰੀ ਸੀ। ਰੇਲ ਪਟੜੀ ਅਤੇ ਪੁਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ ‘ਤੇ ਮੁਰੰਮਤ ਕਾਰਜ ਚੱਲ ਰਹੇ ਹਨ। ਇਨ੍ਹਾਂ ਹੁਕਮਾਂ ਤਹਿਤ ਅੱਪ ਦਿਸ਼ਾ ਦੀਆਂ ਟਰੇਨਾਂ ਨੰਬਰ 52457, 52451, 52459 ਅਤੇ ਅੱਪ ਮਿਕਸ ਟਰੇਨ ਸਮੇਤ ਡਾਊਨ ਦਿਸ਼ਾ ਦੀਆਂ ਟਰੇਨਾਂ ਨੰਬਰ 52458, 52452, 52460 ਅਤੇ ਡਾਊਨ ਮਿਕਸ ਟਰੇਨ 10 ਜਨਵਰੀ ਤੱਕ ਪੂਰੀ ਤਰ੍ਹਾਂ ਰੱਦ ਰਹਿਣਗੀਆਂ।
ਇਸ ਤੋਂ ਇਲਾਵਾ ਟਰੇਨ ਨੰਬਰ 52453, 52454, 52455 ਅਤੇ 52456 ਦਾ ਸੰਚਾਲਨ ਕੇਵਲ ਧਰਮਪੁਰ (DMP) ਅਤੇ ਸ਼ਿਮਲਾ ਦਰਮਿਆਨ ਹੀ ਕੀਤਾ ਜਾਵੇਗਾ ਅਤੇ ਇਹ ਗੱਡੀਆਂ ਕਾਲਕਾ-ਧਰਮਪੁਰ ਸੈਕਸ਼ਨ ‘ਤੇ ਨਹੀਂ ਚੱਲਣਗੀਆਂ। ਟੌਏ ਟਰੇਨ ਸੇਵਾ ਪ੍ਰਭਾਵਿਤ ਹੋਣ ਕਾਰਨ ਸ਼ਿਮਲਾ ਦੇ ਸੈਰ-ਸਪਾਟਾ ਕਾਰੋਬਾਰ ‘ਤੇ ਵੀ ਅਸਰ ਪੈਣ ਦਾ ਖ਼ਦਸ਼ਾ ਹੈ, ਜਿਸ ਦੇ ਮੱਦੇਨਜ਼ਰ ਰੇਲਵੇ ਨੇ ਯਾਤਰੀਆਂ ਨੂੰ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਟਰੇਨਾਂ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ ਹੈ।
