Home ਹਰਿਆਣਾ ਹਰਿਆਣਾ ‘ਚ ਰਿਸ਼ਵਤ ਲੈਂਦੇ 200 ਅਧਿਕਾਰੀ-ਕਰਮਚਾਰੀ ਰੰਗੇ ਹੱਥੀਂ ਕਾਬੂ

ਹਰਿਆਣਾ ‘ਚ ਰਿਸ਼ਵਤ ਲੈਂਦੇ 200 ਅਧਿਕਾਰੀ-ਕਰਮਚਾਰੀ ਰੰਗੇ ਹੱਥੀਂ ਕਾਬੂ

0

ਹਰਿਆਣਾ : ਹਰਿਆਣਾ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਰਾਜ ਸਤਰਕਤਾ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (SV & ACB) ਵੱਲੋਂ ਸਾਲ 2026 ਦੌਰਾਨ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਹੈ। 23 ਨਵੰਬਰ ਤੱਕ ਬਿਊਰੋ ਨੇ ਕੁੱਲ 239 ਮਾਮਲੇ ਦਰਜ ਕੀਤੇ ਹਨ, ਜਦਕਿ ਰਿਸ਼ਵਤ ਲੈਂਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫੜਨ ਲਈ 200 ਟ੍ਰੈਪ ਕਾਰਵਾਈਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤਾਂ ਵਿੱਚ 212 ਮੁੱਖ ਚਲਾਨ ਅਤੇ 163 ਸਪਲੀਮੈਂਟਰੀ ਚਲਾਨ ਸਮੇਤ ਕੁੱਲ 375 ਚਲਾਨ ਦਾਖ਼ਲ ਕੀਤੇ ਗਏ ਹਨ।

ਬਿਊਰੋ ਦੇ ਮੁਖੀ ਡਾ. ਏ.ਐੱਸ. ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਗੁਰੂਗ੍ਰਾਮ ਵਿੱਚ ਸਭ ਤੋਂ ਵੱਧ 41 ਟ੍ਰੈਪ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਹਿਸਾਰ ਵਿੱਚ 39, ਰੋਹਤਕ ਵਿੱਚ 37, ਕਰਨਾਲ ਵਿੱਚ 30, ਫਰੀਦਾਬਾਦ ਵਿੱਚ 28, ਅੰਬਾਲਾ ਵਿੱਚ 18 ਅਤੇ ਪੰਚਕੂਲਾ ਵਿੱਚ 7 ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਇਸ ਸਾਲ ਦਰਜ ਕੀਤੀਆਂ ਗਈਆਂ ਸਾਰੀਆਂ 239 FIR ਪਾਰਦਰਸ਼ਤਾ ਯਕੀਨੀ ਬਣਾਉਣ ਲਈ ‘ਹਰਸਮਯ’ ਪੋਰਟਲ ’ਤੇ ਅਪਲੋਡ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਗੁਰੂਗ੍ਰਾਮ ਅਤੇ ਹਿਸਾਰ ਵਿੱਚ 50-50, ਰੋਹਤਕ ਵਿੱਚ 39, ਕਰਨਾਲ ਵਿੱਚ 32, ਫਰੀਦਾਬਾਦ ਵਿੱਚ 30, ਅੰਬਾਲਾ ਵਿੱਚ 21 ਅਤੇ ਪੰਚਕੂਲਾ ਵਿੱਚ 17 ਮਾਮਲੇ ਦਰਜ ਕੀਤੇ ਗਏ ਹਨ।

ਡਾ. ਚਾਵਲਾ ਨੇ ਅਧਿਕਾਰੀਆਂ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ, ਸਬੂਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਕੱਠਾ ਕਰਨ ਅਤੇ ਸਮੇਂ ਸਿਰ ਅਦਾਲਤਾਂ ਵਿੱਚ ਚਲਾਨ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ACB ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਖ਼ਿਲਾਫ਼ ਟੋਲ ਫ੍ਰੀ ਨੰਬਰ 1064 ਅਤੇ 1800-180-2022 ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।

ਇਸ ਤੋਂ ਇਲਾਵਾ ਵ੍ਹਾਟਸਐਪ ਨੰਬਰ 94178-91064 ਅਤੇ ‘ਸਤੁਰਕ-ਹਰਿਆਣਾ’ ਮੋਬਾਈਲ ਐਪ ਰਾਹੀਂ ਵੀ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version