ਅੰਮ੍ਰਿਤਸਰ : ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ‘ਵਾਰ ਆਨ ਡਰੱਗਜ਼’ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਗੁਰੂ ‘ਚ ਇਕ ਵੱਡਾ ਆਪਰੇਸ਼ਨ ਚਲਾਇਆ । ਇਸ ਦੌਰਾਨ ਪੁਲਿਸ ਨੇ ਭਾਰੀ ਫੋਰਸ ਨਾਲ ਇਲਾਕੇ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਨਸ਼ਾ ਤਸਕਰਾਂ ਦੇ ਠਿਕਾਣਿਆਂ, ਸ਼ੱਕੀ ਘਰਾਂ ਅਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਦੇ ਘਰੋਂ ਕਰੀਬ ਇੱਕ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਦਕਿ ਵੱਡੀ ਗਿਣਤੀ ਵਿੱਚ ਅਣ-ਰਜਿਸਟਰਡ ਅਤੇ ਬਿਨਾਂ ਦਸਤਾਵੇਜ਼ੀ ਵਾਹਨ ਵੀ ਜ਼ਬਤ ਕੀਤੇ ਗਏ।
ਇਹ ਵਿਸ਼ੇਸ਼ ਕਾਰਵਾਈ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਅਤੇ ਡੀ.ਐਸ.ਪੀ. ਬਲਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਚਲਾਈ ਗਈ। ਪੁਲਿਸ ਟੀਮਾਂ ਨੇ ਇਲਾਕੇ ‘ਚ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਅਤੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਨੂੰ ਫੜਨ ਲਈ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ।
ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਅਪਰੇਸ਼ਨ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਬਿਨਾਂ ਨੰਬਰ ਪਲੇਟ ਜਾਂ ਅਧੂਰੇ ਕਾਗਜ਼ਾਤ ਦੇ ਚੱਲ ਰਹੇ 30 ਤੋਂ 35 ਮੋਟਰਸਾਈਕਲ ਅਤੇ ਐਕਟਿਵਾ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਨਸ਼ਾ ਤਸਕਰ ਦੇ ਘਰੋਂ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਿਸ ਸਬੰਧੀ ਤੁਰੰਤ ਐਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












