ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਗੁਰੂ ਘਰ ਵਿੱਚ ਨਤਮਸਤਕ ਹੋਏ। ਜਿੱਥੇ ਕੁਝ ਸਮਾਂ ਗੁਰਬਾਣੀ ਕੀਰਤਨ ਸੁਣ ਕੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਵਿੱਚ ਆ ਕੇ ਜੋ ਅਨੁਭਵ ਹੁੰਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇੱਥੇ ਆ ਕੇ ਜੋ ਆਨੰਦ ਅਤੇ ਸਥਿਰਤਾ ਮਿਲਦੀ ਹੈ, ਉਹ ਵਰਣਨ ਤੋਂ ਪਰੇ ਹੈ।
ਗਾਇਕ ਨੇ ਕਿਹਾ ਕਿ ਉਹ ਬਹੁਤ ਸਮੇਂ ਬਾਅਦ ਦਰਸ਼ਨ ਕਰਨ ਆਏ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਮਨ ਨੂੰ ਅਥਾਹ ਸ਼ਾਂਤੀ ਮਿਲੀ ਹੈ। ਉਨ੍ਹਾਂ ਨੇ ਸਿਰ ਝੁਕਾ ਕੇ ਦਰਬਾਰ ਸਾਹਿਬ ਆਉਣ ਦੇ ਬਾਰੇ ਵਿੱਚ ਕਿਹਾ ਕਿ ਕੋਈ ਦਿਖਾਵਾ ਨਹੀਂ,ਸਗੋਂ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ।
ਸੰਗੀਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਗੀਤ ਜੀਵਨ ਹੈ, ਭਾਵੇਂ ਉਹ ਲੋਕ ਸੰਗੀਤ ਹੋਵੇ, ਫਿਲਮੀ ਗੀਤ ਹੋਣ ਜਾਂ ਸ਼ਾਸਤਰੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਕਸਰਤ ਕਰਨ ਅਤੇ ਸੁਰ ਵਿੱਚ ਗਾਉਣ। ਕਿਉਂਕਿ ਸਹੀ ਸੰਗੀਤ ਮਨ ਨੂੰ ਸ਼ਾਂਤੀ ਦਿੰਦਾ ਹੈ। ਫਿਲਮਾਂ ਵਿੱਚ ਆਪਣੀ ਵਾਪਸੀ ਨੂੰ ਲੈ ਕੇ ਹੰਸ ਰਾਜ ਹੰਸ ਨੇ ਕਿਹਾ, “ਜੇਕਰ ਮੈਨੂੰ ਆਪਣੀ ਉਮਰ ਦੇ ਹਿਸਾਬ ਨਾਲ ਕੋਈ ਚੰਗਾ ਕਿਰਦਾਰ ਮਿਲਿਆ, ਤਾਂ ਮੈਂ ਜ਼ਰੂਰ ਕਰਾਂਗਾ।” ਰਾਜਨੀਤੀ ਦੇ ਸਵਾਲ ‘ਤੇ ਉਨ੍ਹਾਂ ਕਿਹਾ, “ਗੁਰੂ ਘਰ ਆ ਕੇ ਰਾਜਨੀਤੀ ‘ਤੇ ਚਰਚਾ ਕਰਨਾ ਉਚਿਤ ਨਹੀਂ ਹੈ।”











