ਸਮਰਾਲਾ : ਪੰਜਾਬੀ ਗਾਇਕ ਗੁਰੂ ਰੰਧਾਵਾ ਲਈ ਕਾਨੂੰਨੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ , ਜਦੋਂ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸਮਰਾਲਾ ਦੀ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ । ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਮਰਾਲਾ ਤਹਿਸੀਲ ਦੇ ਪਿੰਡ ਬਰਮਾ ਦੇ ਵਸਨੀਕ ਰਾਜਦੀਪ ਸਿੰਘ ਮਾਨ ਨੇ ਇਸ ਗੱਲ ‘ਤੇ ਇਤਰਾਜ਼ ਜਤਾਇਆ ਹੈ ਕਿ ਗਾਇਕ ਨੇ ਆਪਣੇ ਨਵੇਂ ਗੀਤ ‘ਸੀਰਾ’ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਹੈ, ਜੋ ਹੈ ‘ਜੰਮੀਆਂ ਨੂੰ ਗੁੜਤੀ ‘ਚ ਮਿਲਦੀ ਅਫੀਮ ਏ’।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਸਾਡੇ ਵੱਲੋਂ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਈਨਾਂ ‘ਤੇ ਇਤਰਾਜ਼ ਜਤਾਉਂਦੇ ਹੋਏ, ਅਸੀਂ ਸਪੱਸ਼ਟ ਕੀਤਾ ਹੈ ਕਿ ਗੁੜਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ। ਇਸ ਲਈ, “ਗੁੜਤੀ ਵਿੱਚ ਅਫੀਮ ਮਿਲੀ” ਸ਼ਬਦ ਹਟਾ ਦਿੱਤੇ ਜਾਣੇ ਚਾਹੀਦੇ ਹਨ।
ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਜਵਾਬ ਦਿੱਤਾ ਕਿ ਅਸੀਂ ਯੂਟਿਊਬ ਨੂੰ ਛੱਡ ਕੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ “ਗੁੜਤੀ ‘ਚ ਮਿਲੀ ਏ ਅਫੀਮ ਦੀ ਜਗ੍ਹਾਂ “ਗੁੜਤੀ ‘ਚ ਮਿਲੀ ਏ ਜ਼ਮੀਨ ਕਰ ਦਿੰਦੇ ਹਾਂ”। ਵਕੀਲ ਢਿੱਲੋਂ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਅਦਾਲਤ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਗਾਇਕ ਨੂੰ 2 ਸਤੰਬਰ ਲਈ ਤਲਬ ਕੀਤਾ ਗਿਆ ਹੈ।











