ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੇਸ਼ੀਆ ਦੇ ਦੋ ਦਿਨਾਂ ਦੌਰੇ ’ਤੇ ਰਵਾਨਾ ਹੋ ਗਏ ਹਨ। ਮਲੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਕਿਹਾ ਕਿ ਭਾਰਤ ਮਲੇਸ਼ੀਆ ਨਾਲ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਭਾਈਵਾਲੀ ਦੇ ਖੇਤਰ ਵਿੱਚ ਸਾਝੇਦਾਰੀ ਨੂੰ ਵਧਾਉਣ ਦਾ ਵਿਚਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ ਅਤੇ ਮਲੇਸ਼ੀਆ ਦੇ ਵਿਚਕਾਰ ਇਤਿਹਾਸਕ ਸਬੰਧਾਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਨਿਰੰਤਰ ਤਰੱਕੀ ਹੋਈ ਹੈ।” ਉਨ੍ਹਾਂ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਨਾਲ ਆਪਣੀਆਂ ਚਰਚਾਵਾਂ ਅਤੇ ਸਾਡੀ ਵਿਆਪਕ ਰਣਨੀਤਕ ਸਾਝੇਦਾਰੀ ਨੂੰ ਹੋਰ ਮਜਬੂਤ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।” ਉਨ੍ਹਾਂ ਨੇ ਅੱਗੇ ਕਿਹਾ, ” ਸਾਡਾ ਉਦੇਸ਼ ਆਪਣੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਡੂੰਘਾ ਕਰਨਾ, ਆਪਣੀ ਆਰਥਿਕ ਅਤੇ ਨਵੀਨਤਾ ਭਾਈਵਾਲੀ ਨੂੰ ਵਧਾਉਣਾ, ਅਤੇ ਨਵੇਂ ਖੇਤਰਾਂ ਵਿੱਚ ਆਪਣੇ ਸਹਿਯੋਗ ਦਾ ਵਿਸਤਾਰ ਕਰਨਾ ਹੈ।
ਕਿਉਂ ਖਾਸ ਹੈ ਇਹ ਦੌਰਾ?
ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼, ਊਰਜਾ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੀ ਮਲੇਸ਼ੀਆ ਦੀ ਤੀਜੀ ਯਾਤਰਾ ਹੈ। ਅਗਸਤ 2024 ਵਿੱਚ ਭਾਰਤ-ਮਲੇਸ਼ੀਆ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਵਿੱਚ ਅੱਪਗ੍ਰੇਡ ਕੀਤੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ।
ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਅਤੇ ਉਦਯੋਗ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਦੀ ਯਾਤਰਾ ਦੇ ਦੌਰਾਨ 10ਵਾਂ ਭਾਰਤ-ਮਲੇਸ਼ੀਆ ਸੀਈਓ ਫੋਰਮ ਵੀ ਆਯੋਜਿਤ ਕੀਤਾ ਜਾਵੇਗਾ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਭਾਰਤ ਅਤੇ ਮਲੇਸ਼ੀਆ ਦੇ ਇਤਿਹਾਸਕ, ਸੱਭਿਅਤਾ ਅਤੇ ਸੱਭਿਆਚਾਰਕ ਸਬੰਧਾਂ ‘ਤੇ ਅਧਾਰਤ ਇੱਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਿਸ਼ਤਾ ਹੈ। ” ਮਲੇਸ਼ੀਆ ਵਿੱਚ 29 ਲੱਖ ਭਾਰਤੀ ਭਾਈਚਾਰੇ ਦੀ ਮੌਜੂਦਗੀ ਨਾਲ ਇਹ ਰਿਸ਼ਤਾ ਅਤੇ ਮਜਬੂਤ ਹੁੰਦਾ ਹੈ, ਜੋ ਕਿ ਦੁਨੀਆ ਵਿੱਚ ਭਾਰਤੀ ਭਾਈਚਾਰੇ ਦੀ ਤੀਜੀ ਸਭ ਤੋਂ ਵੱਡੀ ਮੌਜੂਦਗੀ ਹੈ।
