ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਜਨਤਕ ਆਵਾਜਾਈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਦਿੱਲੀ ਮੈਟਰੋ ਦੇ ਦੋ ਨਵੇਂ ਮਹੱਤਵਪੂਰਨ ਕੋਰੀਡੋਰਾਂ ਦਾ ਉਦਘਾਟਨ ਕੀਤਾ ਅਤੇ ਤਿੰਨ ਨਵੀਆਂ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਸਰਕਾਰੀ ਰਿਹਾਇਸ਼ਾਂ ਦੇ ਪੁਨਰ ਵਿਕਾਸ ਦੇ ਲਈ 15,200 ਕਰੋੜ ਦੀਆਂ ਯੋਜਨਾਵਾਂ ਦਾ ਵੀ ਸ਼ੁਭ ਆਰੰਭ ਕੀਤਾ, ਜਿਸ ਨਾਲ ਦਿੱਲੀ ਵਿੱਚ ਕੁੱਲ ਨਿਵੇਸ਼ ਦਾ ਅੰਕੜਾ ਲਗਭਗ 33,500ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਦਿੱਲੀ ਮੈਟਰੋ ਦਾ ਵਿਸਥਾਰ ਅਤੇ ‘ਰਿੰਗ ਮੈਟਰੋ’
ਪ੍ਰਧਾਨ ਮੰਤਰੀ ਮੋਦੀ ਦੁਆਰਾ ਉਦਘਾਟਨ ਕੀਤੇ ਗਏ ਦੋ ਨਵੇਂ ਕੋਰੀਡੋਰ ਦਿੱਲੀ ਦੇ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀ ਲਿਆਉਣਗੇ। ਇਸ ਵਿੱਚ ਪਿੰਕ ਲਾਈਨ ਦਾ ਲਗਭਗ 12.3 ਕਿਲੋਮੀਟਰ ਲੰਬਾ ਮਜਲਿਸ ਪਾਰਕ-ਮੌਜਪੁਰ ਬਾਬਰਪੁਰ ਕੋਰੀਡੋਰ ਸ਼ਾਮਲ ਹੈ, ਜੋ ਦਿੱਲੀ ਦੇ ਉੱਤਰੀ ਅਤੇ ਉੱਤਰ-ਪੂਰਬੀ ਇਲਾਕਿਆਂ ਜਿਵੇਂ ਕਿ ਬੁਰਾੜੀ, ਖਜੂਰੀ ਖਾਸ ਅਤੇ ਭਜਨਪੁਰਾ ਨੂੰ ਸਿੱਧਾ ਜੋੜੇਗਾ। ਇਸ ਭਾਗ ਦੇ ਖੁੱਲ੍ਹਣ ਨਾਲ, ਪਿੰਕ ਲਾਈਨ ਹੁਣ ਦੇਸ਼ ਦਾ ਪਹਿਲਾ ਸੰਪੂਰਨ ‘ਰਿੰਗ ਮੈਟਰੋ’ ਕੋਰੀਡੋਰ ਬਣ ਗਿਆ ਹੈ, ਜੋ ਪੂਰੇ ਦਿੱਲੀ ਦੇ ਆਲੇ-ਦੁਆਲੇ ਇੱਕ ਪੂਰਾ ਚੱਕਰ ਕਰਦਾ ਹੈ। ਇਸ ਦੇ ਨਾਲ ਹੀ ਮੈਜੈਂਟਾ ਲਾਈਨ ‘ਤੇ ਦੀਪਾਲੀ ਚੌਕ ਅਤੇ ਮਜਲਿਸ ਪਾਰਕ ਵਿਚਕਾਰ 9.9 ਕਿਲੋਮੀਟਰ ਲੰਬੇ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਇਹ ਐਕਸਟੈਂਸ਼ਨ ਹੈਦਰਪੁਰ ਬਦਲੀ ਮੋੜ ਅਤੇ ਭਲਸਵਾ ਵਰਗੇ ਖੇਤਰਾਂ ਦੇ ਨਿਵਾਸੀਆਂ ਲਈ ਇੱਕ ਵਰਦਾਨ ਹੋਵੇਗਾ। ਇਨ੍ਹਾਂ ਨਵੇਂ ਰੂਟਾਂ ਦੇ ਖੁੱਲ੍ਹਣ ਨਾਲ ਨਾ ਸਿਰਫ਼ ਸੜਕਾਂ ‘ਤੇ ਵਾਹਨਾਂ ਦਾ ਦਬਾਅ ਘਟੇਗਾ, ਸਗੋਂ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਕਮੀ ਆਉਣ ਦੀ ਉਮੀਦ ਜਤਾਈ ਗਈ ਹੈ।
ਫ਼ੇਸ V-A ਅਤੇ ਭਵਿੱਖੀ ਦੀ ਕਨੈਕਟੀਵਿਟੀ
ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਪੜਾਅ V-A ਦੇ ਤਹਿਤ ਤਿੰਨ ਨਵੀਆਂ ਲਾਈਨਾਂ ਦਾ ਨੀਂਹ ਪੱਥਰ ਵੀ ਰੱਖਿਆ। ਲਗਭਗ 16.1 ਕਿਲੋਮੀਟਰ ਲੰਬੇ ਇਨ੍ਹਾਂ ਨਵੇਂ ਕੋਰੀਡੋਰਾਂ ਵਿੱਚ, ਆਰ.ਕੇ. ਆਸ਼ਰਮ ਮਾਰਗ ਤੋਂ ਇੰਦਰਪ੍ਰਸਥ, ਐਰੋਸਿਟੀ ਤੋਂ ਆਈਜੀਆਈ ਏਅਰਪੋਰਟ ਟਰਮੀਨਲ-1, ਅਤੇ ਤੁਗਲਕਾਬਾਦ ਤੋਂ ਕਾਲਿੰਦੀ ਕੁੰਜ ਤੱਕ ਦੇ ਰਸਤੇ ਸ਼ਾਮਲ ਹਨ। ਇਹ ਲਾਈਨਾਂ ਪੂਰਾ ਹੋਣ ਤੋਂ ਬਾਅਦ, ਨੋਇਡਾ, ਦੱਖਣੀ ਦਿੱਲੀ ਅਤੇ ਹਵਾਈ ਅੱਡੇ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰਨਗੀਆਂ।











