ਨਵੀਂ ਦਿੱਲੀ: ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ AI2379 ਨੂੰ ਭਿਆਨਕ ਟਰਬੂਲੈਂਸ (ਤੇਜ਼ ਹਵਾਵਾਂ ਅਤੇ ਹਵਾਈ ਝਟਕਿਆਂ) ਦਾ ਸ਼ਿਕਾਰ ਹੋ ਗਈ। ਅਚਾਨਕ ਆਏ ਤੂਫ਼ਾਨ ਕਾਰਨ ਜਹਾਜ਼ ਨੂੰ ਜ਼ੋਰਦਾਰ ਝਟਕੇ ਲੱਗੇ ਅਤੇ ਇਸ ਦੌਰਾਨ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 11 ਯਾਤਰੀ ਅਤੇ 4 ਕੈਬਿਨ ਕਰੂ ਮੈਂਬਰ ਸ਼ਾਮਲ ਹਨ। ਹਾਲਾਂਕਿ ਪਾਇਲਟ ਦੀ ਸੂਝਬੂਝ ਅਤੇ ਤਜਰਬੇ ਨਾਲ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰ ਲਿਆ ਗਿਆ।
ਉਡਾਣ ਵਿੱਚ 134 ਯਾਤਰੀ ਅਤੇ 8 ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਤੂਫ਼ਾਨੀ ਮੌਸਮ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਇਸ ਨੂੰ ਲਗਾਤਾਰ ਤੇਜ਼ ਹਵਾਈ ਝਟਕੇ ਲੱਗੇ। ਰਿਪੋਰਟਾਂ ਮੁਤਾਬਕ, ਜਹਾਜ਼ ਕੁਝ ਹੀ ਪਲਾਂ ਵਿੱਚ ਕਰੀਬ 300 ਫੁੱਟ ਹੇਠਾਂ ਆ ਗਿਆ, ਜਿਸ ਨਾਲ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।
ਇੱਕ ਯਾਤਰੀ ਨੇ ਦੱਸਿਆ ਕਿ ਟਰਬੂਲੈਂਸ ਇੰਨੀ ਭਿਆਨਕ ਸੀ ਕਿ ਜਹਾਜ਼ ਕਰੀਬ ਤਿੰਨ ਮਿੰਟ ਤੱਕ ਜ਼ੋਰਦਾਰ ਝਟਕਿਆਂ ਨਾਲ ਹਿੱਲਦਾ ਰਿਹਾ। ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉੱਛਲ ਗਏ ਅਤੇ ਕੁਝ ਦੇ ਪੈਰਾਂ, ਮੋਢਿਆਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਲੱਗੀਆਂ। ਜਹਾਜ਼ ਦੇ ਅੰਦਰਲੇ ਹਿੱਸੇ, ਖ਼ਾਸ ਕਰਕੇ ਛੱਤ ਦੇ ਕੁਝ ਪੈਨਲਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਘਟਨਾ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਐਮਰਜੈਂਸੀ ਮੈਡੀਕਲ ਟੀਮਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਜ਼ਖਮੀ ਯਾਤਰੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ। ਕੁਝ ਜ਼ਖਮੀਆਂ ਦਾ ਇਲਾਜ ਦਿੱਲੀ ਏਅਰਪੋਰਟ ਮੈਡੀਕਲ ਸੈਂਟਰ ਵਿੱਚ ਕੀਤਾ ਗਿਆ, ਜਦਕਿ ਸੱਤ ਯਾਤਰੀਆਂ ਨੂੰ ਫੋਰਟਿਸ ਹਸਪਤਾਲ ਭੇਜਿਆ ਗਿਆ। ਅਧਿਕਾਰੀਆਂ ਅਨੁਸਾਰ, ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਅਤੇ ਸਾਰੇ ਜ਼ਖਮੀ ਇਲਾਜ ਅਧੀਨ ਹਨ।












