ਮੁੰਬਈ: ਆਮਿਰ ਖਾਨ ਪ੍ਰੋਡਕਸ਼ਨ ਨੇ ਅੱਜ , ਮੰਗਲਵਾਰ ਨੂੰ ‘ਬਟਵਾਰਾ 1947’ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਜੋ ਵੰਡ-ਅਧਾਰਿਤ ਡਰਾਮਾ ਫਿਲਮ ਹੈ ਜਿਸ ਵਿੱਚ ਅਦਾਕਾਰ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦਾ ਨਿਰਦੇਸ਼ਨ ਫਿਲਮਕਾਰ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ਇਹ ਫਿਲਮ 14 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਸਾਲ 1947 ‘ਤੇ ਆਧਾਰਿਤ ਇਹ ਫਿਲਮ ਇਕ ਅਜਿਹੇ ਨਾਇਕ ਦੀ ਕਹਾਣੀ ਪੇਸ਼ ਕਰਦੀ ਹੈ ਜੋ ਨਫ਼ਰਤ ਅਤੇ ਡਰ ਦੇ ਸਮੇਂ ਵਿਚ ਦਲੇਰੀ ਦਾ ਰਾਹ ਚੁਣਦਾ ਹੈ। ਪਹਿਲਾਂ ਇਸ ਦਾ ਸਿਰਲੇਖ ‘ਲਾਹੌਰ 1947’ ਸੀ। ਫਿਲਮ ‘ਚ ਸ਼ਬਾਨਾ ਆਜ਼ਮੀ, ਪ੍ਰਿਟੀ ਜ਼ਿੰਟਾ, ਕਰਨ ਦਿਓਲ, ਅਲੀ ਫਜ਼ਲ, ਅਭਿਮਨਿਊ ਸਿੰਘ, ਖੁਸ਼ੀ ਹਜ਼ਾਰੇ ਅਤੇ ਕਨਿਕਾ ਕਪੂਰ ਵਰਗੇ ਕਲਾਕਾਰ ਹਨ। ਅਦਾਕਾਰ ਆਮਿਰ ਖਾਨ ਦੀ ਮਲਕੀਅਤ ਵਾਲੇ ਸਟੂਡੀਓ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਮੋਸ਼ਨ ਪੋਸਟਰ ਸਾਂਝਾ ਕੀਤਾ।
ਸਟੂਡੀਓ ਨੇ ‘ਐਕਸ’ ‘ਤੇ ਪੋਸਟ ਕਰਦੇ ਹੋਏ ਕਿਹਾ, ਨਫ਼ਰਤ ਅਤੇ ਡਰ ਦੇ ਸਮੇਂ ਵਿਚ ਉਨ੍ਹਾਂ ਨੇ ਹਿੰਮਤ ਨੂੰ ਚੁਣਿਆ। ‘ਬਟਵਾਰਾ 1947’ 14 ਅਗਸਤ 2026 ਤੋਂ ਸਿਨੇਮਾਘਰਾਂ ‘ਚ ਦੇਖੋ। ਸੰਤੋਸ਼ੀ ਅਤੇ ਸੰਨੀ ਦਿਓਲ 30 ਸਾਲਾਂ ਬਾਅਦ ‘ਬਟਵਾਰਾ 1947’ ਵਿੱਚ ਇਕੱਠੇ ਨਜ਼ਰ ਆਉਣਗੇ।
ਫਿਲਮਕਾਰ-ਅਦਾਕਾਰ ਦੀ ਜੋੜੀ ਇਸ ਤੋਂ ਪਹਿਲਾਂ ‘ਘਾਇਲ’, ‘ਦਾਮਿਨੀ’ ਅਤੇ ‘ਘਟਕ’ ਵਰਗੀਆਂ ਬਲਾਕਬਸਟਰ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੀ ਹੈ। ਆਮਿਰ ਖਾਨ ਨੇ ਅਪਰਨਾ ਪੁਰੋਹਿਤ ਨਾਲ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਫਿਲਮ ਦਾ ਸੰਗੀਤ ਏ.ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤ ਜਾਵੇਦ ਅਖਤਰ ਦੁਆਰਾ ਲਿਖੇ ਗਏ ਹਨ।












