Homeਮਨੋਰੰਜਨਅਦਾਕਾਰਾ ਪੂਜਾ ਬੱਤਰਾ ਦੇ ਪਿਤਾ ਕਰਨਲ ਰਵੀ ਬੱਤਰਾ ਦਾ ਦਿਹਾਂਤ

ਅਦਾਕਾਰਾ ਪੂਜਾ ਬੱਤਰਾ ਦੇ ਪਿਤਾ ਕਰਨਲ ਰਵੀ ਬੱਤਰਾ ਦਾ ਦਿਹਾਂਤ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪੂਜਾ ਬੱਤਰਾ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅਦਾਕਾਰਾ ਦੇ ਪਿਤਾ ਕਰਨਲ ਰਵੀ ਬੱਤਰਾ ਦਾ 20 ਨਵੰਬਰ ਨੂੰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਪਿਤਾ ਨੂੰ ਗੁਆਉਣ ਤੋਂ ਬਾਅਦ ਪੂਜਾ ਬੇਹੱਦ ਦੁਖੀ ਹਨ। ਉਨ੍ਹਾਂ ਲਈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਉਹ ਆਪਣੇ ਪਿਤਾ ਦੇ ਆਖਰੀ ਸਮੇਂ ਉਨ੍ਹਾਂ ਕੋਲ ਨਹੀਂ ਪਹੁੰਚ ਸਕੀ ਅਤੇ ਆਖਰੀ ਵਾਰ ਉਨ੍ਹਾਂ ਦਾ ਚਿਹਰਾ ਵੀ ਨਹੀਂ ਦੇਖ ਸਕੀ।

ਬੁੱਧਵਾਰ ਨੂੰ ਪੂਜਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਭਾਵੁਕ ਸੰਦੇਸ਼ ਲਿਖਿਆ। ਉਨ੍ਹਾਂ ਦੀ ਪੋਸਟ ਤੋਂ ਪਿਤਾ ਨਾਲ ਉਨ੍ਹਾਂ ਦੇ ਡੂੰਘੇ ਪਿਆਰ ਅਤੇ ਖ਼ਾਸ ਰਿਸ਼ਤੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

‘ਪਾਪਾ, ਤੁਸੀਂ ਮੇਰੀ ਪੂਰੀ ਦੁਨੀਆ ਸੀ’

ਪੂਜਾ ਬੱਤਰਾ ਨੇ ਇੰਸਟਾਗ੍ਰਾਮ ’ਤੇ ਕਰਨਲ ਰਵੀ ਬੱਤਰਾ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਉਹ ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀ ਦੇ ਪਲ ਬਿਤਾਉਂਦੇ ਨਜ਼ਰ ਆ ਰਹੇ ਹਨ।

ਅਦਾਕਾਰਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ 20 ਨਵੰਬਰ ਨੂੰ ਉਨ੍ਹਾਂ ਨੇ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆ ਦਿੱਤਾ। ਉਨ੍ਹਾਂ ਲਿਖਿਆ ਕਿ ਅਜੇ ਵੀ ਉਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਨਹੀਂ ਹੋ ਰਿਹਾ। ਪਿਤਾ ਦੀ ਆਵਾਜ਼ ਅੱਜ ਵੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦੀ ਹੈ ਅਤੇ ਉਨ੍ਹਾਂ ਦੀ ਮੁਸਕਰਾਹਟ ਹਮੇਸ਼ਾ ਦਿਲ ਵਿੱਚ ਵੱਸਦੀ ਰਹੇਗੀ।

ਪੂਜਾ ਨੇ ਪਿਤਾ ਨੂੰ ਆਪਣੀ ਪੂਰੀ ਦੁਨੀਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਤੋਂ ਬਿਨਾਂ ਜ਼ਿੰਦਗੀ ਬਿਤਾਉਣ ਬਾਰੇ ਸੋਚਿਆ ਨਹੀਂ ਸੀ। ਉਨ੍ਹਾਂ ਦੇ ਪਿਤਾ ਹਮੇਸ਼ਾ ਉਨ੍ਹਾਂ ਦੇ ਨਾਲ-ਨਾਲ ਪੂਰੇ ਪਰਿਵਾਰ ਦਾ ਖ਼ਿਆਲ ਰੱਖਦੇ ਸਨ।

ਦੋ ਜੰਗਾਂ ਲੜ ਕੇ ਦੇਸ਼ ਦੀ ਕੀਤੀ ਸੀ ਸੇਵਾ

ਪਿਤਾ ਨੂੰ ਯਾਦ ਕਰਦਿਆਂ ਪੂਜਾ ਨੇ ਉਨ੍ਹਾਂ ਦੀ ਫ਼ੌਜੀ ਜ਼ਿੰਦਗੀ ਅਤੇ ਸ਼ਖ਼ਸੀਅਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਰਨਲ ਰਵੀ ਬੱਤਰਾ ਇੱਕ ਸ਼ਾਨਦਾਰ ਫ਼ੌਜੀ ਅਧਿਕਾਰੀ ਸਨ, ਜਿਨ੍ਹਾਂ ਨੇ ਦੋ ਜੰਗਾਂ ਵਿੱਚ ਹਿੱਸਾ ਲੈ ਕੇ ਮਾਣ ਨਾਲ ਦੇਸ਼ ਦੀ ਸੇਵਾ ਕੀਤੀ।

ਅਦਾਕਾਰਾ ਨੇ ਲਿਖਿਆ ਕਿ ਪਿਤਾ ਦਾ ਹੱਸਮੁੱਖ ਸੁਭਾਅ, ਉਨ੍ਹਾਂ ਦੀ ਹਾਸੇ-ਮਜ਼ਾਕ ਵਾਲੀ ਅਦਾ ਅਤੇ ਹਰ ਮਹਿਫ਼ਲ ਵਿੱਚ ਰੌਣਕ ਲਿਆਉਣ ਦਾ ਅੰਦਾਜ਼ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਨੂੰ ਪਿਤਾ ਵੱਲੋਂ ਗਾਏ ਗੀਤ, ਰੋਜ਼ਾਨਾ ਜ਼ਿੰਦਗੀ ਵਿੱਚ ਦਿੱਤੀਆਂ ਸਲਾਹਾਂ ਅਤੇ ਉਨ੍ਹਾਂ ਦਾ ਨੇਕ ਸੁਭਾਅ ਵੀ ਹਮੇਸ਼ਾ ਯਾਦ ਆਉਂਦਾ ਰਹੇਗਾ।

ਪੂਜਾ ਨੇ ਆਪਣੀ ਇਸ ਘੜੀ ਨੂੰ ਜ਼ਿੰਦਗੀ ਦਾ ਸਭ ਤੋਂ ਹਨੇਰਾ ਦੌਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ਲਈ ਵੱਡਾ ਘਾਟਾ ਹੈ, ਜੋ ਉਨ੍ਹਾਂ ਦੇ ਪਿਤਾ ਨੂੰ ਜਾਣਦੇ ਸਨ। ਹਾਲਾਂਕਿ, ਅਦਾਕਾਰਾ ਨੇ ਇਹ ਵਿਸ਼ਵਾਸ ਵੀ ਜਤਾਇਆ ਕਿ ਉਨ੍ਹਾਂ ਦੇ ਪਿਤਾ ਹੁਣ ਸਵਰਗ ਵਿੱਚ ਹਨ।

ਸ਼ਹੀਦ ਅਰੁਣ ਖੇਤਰਪਾਲ ਨਾਲ ਵੀ ਸੀ ਪਰਿਵਾਰਕ ਰਿਸ਼ਤਾ

ਪੂਜਾ ਬੱਤਰਾ ਦਾ ਪਰਿਵਾਰ ਲੰਬੇ ਸਮੇਂ ਤੋਂ ਫ਼ੌਜ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਪਿਤਾ ਕਰਨਲ ਰਵੀ ਬੱਤਰਾ ਤੋਂ ਇਲਾਵਾ ਪਰਿਵਾਰ ਦਾ ਰਿਸ਼ਤਾ ਦੇਸ਼ ਦੇ ਬਹਾਦਰ ਸ਼ਹੀਦ ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ ਨਾਲ ਵੀ ਸੀ। ਅਰੁਣ ਖੇਤਰਪਾਲ ਪੂਜਾ ਦੇ ਪਿਤਾ ਦੇ ਚਚੇਰੇ ਭਰਾ ਸਨ।

ਅਰੁਣ ਖੇਤਰਪਾਲ ਨੇ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਬਸੰਤਰ ਦੀ ਲੜਾਈ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 21 ਸਾਲ ਸੀ। ਦੇਸ਼ ਲਈ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਦੇਖਦਿਆਂ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਿਤਾ ਦੇ ਦਿਹਾਂਤ ਤੋਂ ਬਾਅਦ ਪੂਜਾ ਲਈ ਇਹ ਸਮਾਂ ਬੇਹੱਦ ਮੁਸ਼ਕਲ ਬਣਿਆ ਹੋਇਆ ਹੈ। ਉਨ੍ਹਾਂ ਦੀ ਭਾਵੁਕ ਪੋਸਟ ’ਤੇ ਪ੍ਰਸ਼ੰਸਕਾਂ ਅਤੇ ਕਰੀਬੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments