ਮੈਲਬੌਰਨ: ਮੋਟਰਸਪੋਰਟ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਸਾਬਕਾ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਐਲਨ ਜੋਨਸ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 5 ਨਵੰਬਰ ਨੂੰ ਸੰਖੇਪ ਬੀਮਾਰੀ ਤੋਂ ਬਾਅਦ ਆਖ਼ਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਸਨ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ 80ਵੇਂ ਜਨਮਦਿਨ ਤੋਂ ਸਿਰਫ਼ ਤਿੰਨ ਦਿਨ ਬਾਅਦ ਦੁਨੀਆ ਨੂੰ ਅਲਵਿਦਾ ਕਿਹਾ।
ਮੋਟਰਸਪੋਰਟ ਆਸਟ੍ਰੇਲੀਆ ਨੇ ਉਨ੍ਹਾਂ ਦੀ ਪਤਨੀ ਅਮਾਂਡਾ ਵੱਲੋਂ ਜਾਰੀ ਬਿਆਨ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਐਲਨ ਜੋਨਸ ਨੇ ਆਪਣੇ ਕਰੀਅਰ ਦੌਰਾਨ 12 ਗ੍ਰੈਂਡ ਪ੍ਰੀ ਰੇਸਾਂ ਵਿੱਚ ਜਿੱਤ ਦਰਜ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਸੀ।
ਮੈਲਬੌਰਨ ਵਿੱਚ ਜਨਮੇ ਐਲਨ ਜੋਨਸ ਨੇ ਸਾਲ 1980 ਵਿੱਚ ਵਿਲੀਅਮਜ਼ ਟੀਮ ਵੱਲੋਂ ਮੁਕਾਬਲਾ ਕਰਦਿਆਂ ਫਾਰਮੂਲਾ ਵਨ ਡਰਾਈਵਰਜ਼ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ।
ਉਹ ਮਹਾਨ ਡਰਾਈਵਰ ਸਰ ਜੈਕ ਬ੍ਰੈਭਮ ਤੋਂ ਬਾਅਦ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਬਣਨ ਵਾਲੇ ਦੂਜੇ ਆਸਟ੍ਰੇਲੀਆਈ ਡਰਾਈਵਰ ਸਨ। ਉਨ੍ਹਾਂ ਦੀ ਇਸ ਉਪਲਬਧੀ ਨੇ ਆਸਟ੍ਰੇਲੀਆ ਦੇ ਮੋਟਰਸਪੋਰਟ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਬਣਾਈ।
ਐਲਨ ਜੋਨਸ ਉਨ੍ਹਾਂ ਚੋਣਵੇਂ ਆਸਟ੍ਰੇਲੀਆਈ ਡਰਾਈਵਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਫਾਰਮੂਲਾ ਵਨ ਵਿੱਚ ਜਿੱਤ ਦਰਜ ਕੀਤੀ। ਇਸ ਸੂਚੀ ਵਿੱਚ ਸਰ ਜੈਕ ਬ੍ਰੈਭਮ, ਮਾਰਕ ਵੈਬਰ, ਡੈਨੀਅਲ ਰਿਕਾਰਡੋ ਅਤੇ ਓਸਕਰ ਪਿਆਸਤਰੀ ਵਰਗੇ ਨਾਮ ਵੀ ਸ਼ਾਮਲ ਹਨ।
ਸਾਲ 1980 ਵਿੱਚ ਆਸਟ੍ਰੇਲੀਅਨ ਗ੍ਰੈਂਡ ਪ੍ਰੀ ਵਿੱਚ ਉਨ੍ਹਾਂ ਦੀ ਜਿੱਤ ਵੀ ਖ਼ਾਸ ਮਹੱਤਵ ਰੱਖਦੀ ਹੈ। ਇਹ ਅੱਜ ਤੱਕ ਆਖ਼ਰੀ ਮੌਕਾ ਹੈ ਜਦੋਂ ਕਿਸੇ ਆਸਟ੍ਰੇਲੀਆਈ ਡਰਾਈਵਰ ਨੇ ਆਪਣੀ ਘਰੇਲੂ ਗ੍ਰੈਂਡ ਪ੍ਰੀ ਜਿੱਤੀ ਸੀ।
ਐਲਨ ਜੋਨਸ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਆਸਟ੍ਰੇਲੀਅਨ ਗ੍ਰੈਂਡ ਪ੍ਰੀ ਕਾਰਪੋਰੇਸ਼ਨ ਅਤੇ ਦੁਨੀਆ ਭਰ ਦੇ ਮੋਟਰਸਪੋਰਟ ਭਾਈਚਾਰੇ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਨੂੰ ਰੇਸਿੰਗ ਜਗਤ ਦੀ ਮਹਾਨ ਸ਼ਖ਼ਸੀਅਤ ਦੱਸਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ।
ਐਲਨ ਜੋਨਸ ਆਪਣੇ ਪਿੱਛੇ ਪਤਨੀ ਅਮਾਂਡਾ ਅਤੇ ਛੇ ਬੱਚੇ ਕ੍ਰਿਸਚੀਅਨ, ਐਂਬਰ, ਜ਼ਾਰਾ, ਜੈਕ, ਕੈਮਿਲਾ ਅਤੇ ਐਮਾ ਛੱਡ ਗਏ ਹਨ।










