ਕੋਲਹਾਪੁਰ: ਕੋਲਹਾਪੁਰ ਵਿੱਚ ਮਹਾਦੇਵੀ ਦੇ ਨਾਮ ਨਾਲ ਜਾਣੀ ਜਾਂਦੀ ਹਾਥਣੀ ਮਾਧੁਰੀ ਲਗਭਗ 13 ਮਹੀਨਿਆਂ ਬਾਅਦ ਗੁਜਰਾਤ ਦੇ ਜਾਮਨਗਰ ਸਥਿਤ ਵੰਤਾਰਾ ਤੋਂ ਆਪਣੇ ਪੁਰਾਣੇ ਟਿਕਾਣੇ ਨੰਦਨੀ ਮੱਠ ਵਾਪਸ ਪਹੁੰਚ ਗਈ ਹੈ। ਉਸ ਦੀ ਵਾਪਸੀ ’ਤੇ ਨੰਦਨੀ ਪਿੰਡ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਫੁੱਲਾਂ ਦੀ ਵਰਖਾ ਕਰਕੇ ਉਸ ਦਾ ਸਵਾਗਤ ਕੀਤਾ। ਮਾਧੁਰੀ ਦੀ ਵਾਪਸੀ ਨੂੰ ਲੈ ਕੇ ਇਲਾਕੇ ਵਿੱਚ ਕਈ ਦਿਨਾਂ ਤੋਂ ਉਤਸ਼ਾਹ ਦਾ ਮਾਹੌਲ ਸੀ।
ਮਾਧੁਰੀ ਨੂੰ 30 ਜੁਲਾਈ 2025 ਨੂੰ ਹਾਈ-ਪਾਵਰਡ ਕਮੇਟੀ ਦੇ ਨਿਰਦੇਸ਼ਾਂ ਤਹਿਤ ਵੰਤਾਰਾ ਭੇਜਿਆ ਗਿਆ ਸੀ। ਉੱਥੇ ਉਸ ਦੀ ਸਿਹਤ ਅਤੇ ਪੁਨਰਵਾਸ ਲਈ ਇਲਾਜ ਕੀਤਾ ਗਿਆ। ਇਸ ਫੈਸਲੇ ਨੂੰ ਲੈ ਕੇ ਕੋਲਹਾਪੁਰ ਵਿੱਚ ਵਿਰੋਧ ਵੀ ਹੋਇਆ ਅਤੇ ਮਾਮਲਾ ਬੰਬੇ ਹਾਈ ਕੋਰਟ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਤੱਕ ਪਹੁੰਚਿਆ। ਬਾਅਦ ਵਿੱਚ ਸੁਪਰੀਮ ਕੋਰਟ ਨੇ ਮਾਮਲੇ ਨਾਲ ਸਬੰਧਤ ਧਿਰਾਂ ਨੂੰ ਹਾਈ-ਪਾਵਰਡ ਕਮੇਟੀ ਸਾਹਮਣੇ ਆਪਣੇ ਦਾਅਵੇ ਰੱਖਣ ਲਈ ਕਿਹਾ।
9 ਸਤੰਬਰ 2026 ਨੂੰ ਕਮੇਟੀ ਨੇ ਨੰਦਨੀ ਮੱਠ ਵਿੱਚ ਮਾਧੁਰੀ ਲਈ ਕੀਤੇ ਗਏ ਪ੍ਰਬੰਧਾਂ ਦਾ ਮੁਆਇਨਾ ਕਰਨ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਕੋਲਹਾਪੁਰ ਵਾਪਸ ਭੇਜਣ ਦੀ ਇਜਾਜ਼ਤ ਦਿੱਤੀ। ਹਾਲਾਂਕਿ, ਵਾਪਸੀ ਦੇ ਨਾਲ ਕਈ ਸਖ਼ਤ ਸ਼ਰਤਾਂ ਵੀ ਲਾਗੂ ਕੀਤੀਆਂ ਗਈਆਂ ਹਨ। ਮਾਧੁਰੀ ਨੂੰ 24 ਘੰਟੇ ਦੇਖਭਾਲ ਹੇਠ ਰੱਖਣਾ ਹੋਵੇਗਾ ਅਤੇ ਹਰ ਪੰਦਰਾਂ ਦਿਨਾਂ ਬਾਅਦ ਉਸ ਦੀ ਮੈਡੀਕਲ ਜਾਂਚ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ, ਉਸ ਨੂੰ ਜਲੂਸਾਂ ਜਾਂ ਕਿਸੇ ਹੋਰ ਉਦੇਸ਼ ਲਈ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ।
ਵੰਤਾਰਾ ਨੇ ਵੀ ਕਮੇਟੀ ਦੇ ਹੁਕਮ ਦੀ ਪਾਲਣਾ ਕਰਨ ’ਤੇ ਸਹਿਮਤੀ ਜਤਾਈ ਹੈ। ਸੰਸਥਾ ਨੇ ਕਿਹਾ ਹੈ ਕਿ ਮਾਧੁਰੀ ਦੀ ਵਾਪਸੀ ਤੋਂ ਬਾਅਦ ਵੀ ਉਸ ਦੀ ਲੋੜੀਂਦੀ ਵੈਟਰਨਰੀ ਦੇਖਭਾਲ ਅਤੇ ਮੈਡੀਕਲ ਨਿਗਰਾਨੀ ਜਾਰੀ ਰੱਖਣ ਵਿੱਚ ਮਦਦ ਕੀਤੀ ਜਾਵੇਗੀ। ਵੰਤਾਰਾ ਮੁਤਾਬਕ ਮਾਧੁਰੀ ਨੂੰ ਉਸ ਦੀ ਕਸਟਡੀ ਲਈ ਨਹੀਂ ਲਿਆਂਦਾ ਗਿਆ ਸੀ, ਸਗੋਂ ਕਮੇਟੀ ਦੇ ਨਿਰਦੇਸ਼ਾਂ ਤਹਿਤ ਉਸ ਦੀ ਦੇਖਭਾਲ ਕੀਤੀ ਗਈ ਸੀ।












