ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੰਸਟਾਗ੍ਰਾਮ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਸਮੇਤ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਬਾਲੀਵੁੱਡ ਦੇ ਇੱਕ ਪ੍ਰਮੁੱਖ ਅਦਾਕਾਰ ਅਤੇ ਦਿੱਲੀ ਦੇ ਇੱਕ ਕਾਰੋਬਾਰੀ ‘ਤੇ ਫਿਰੌਤੀ ਲਈ ਕੀਤੇ ਜਾਣ ਵਾਲੇ ਹਮਲੇ ਦੀ ਸਾਜ਼ਿਸ਼ ਵੀ ਨਾਕਾਮ ਹੋ ਗਈ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਪੈਸ਼ਲ ਸੈੱਲ) ਨਰਾ ਚੈਤੰਨਿਆ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ 25 ਸਾਲਾ ਵਿਕਾਸ ਠਾਕੁਰ ਉਰਫ਼ ਵਿੱਕੀ ਅਤੇ ਤਰਨਤਾਰਨ ਦੇ ਰਹਿਣ ਵਾਲੇ ਦੀਪ ਉਰਫ਼ ਦੀਪਕ ਸਿੰਘ ਵਜੋਂ ਹੋਈ ਹੈ।
ਪੁਲਿਸ ਜਾਂਚ ਮੁਤਾਬਕ, ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਦੇ ਨਿਰਦੇਸ਼ਾਂ ‘ਤੇ ਵਿਕਾਸ ਠਾਕੁਰ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਲਈ ਮੁੰਬਈ ਤੋਂ ਦਿੱਲੀ ਪਹੁੰਚਿਆ ਸੀ। ਯੋਜਨਾ ਮੁਤਾਬਕ ਕਾਰੋਬਾਰੀ ਤੋਂ ਫਿਰੌਤੀ ਵਸੂਲਣ ਲਈ ਉਸ ‘ਤੇ ਗੋਲੀਬਾਰੀ ਕੀਤੀ ਜਾਣੀ ਸੀ ਅਤੇ ਇਸ ਕੰਮ ਵਿੱਚ ਦੀਪ ਨੇ ਵੀ ਉਸ ਦਾ ਸਾਥ ਦੇਣਾ ਸੀ। ਹਾਲਾਂਕਿ ਪੁਲਿਸ ਨੇ ਵਾਰਦਾਤ ਤੋਂ ਪਹਿਲਾਂ ਹੀ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਮੁੰਬਈ ਵਿੱਚ ਲੁਕੇ ਦੀਪ ਦਾ ਵੀ ਪਤਾ ਲਗਾ ਕੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਅਨੁਸਾਰ, ਦੀਪ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਏ ਇੰਸਟਾਗ੍ਰਾਮ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਤੋਂ ਬਾਅਦ ਮੁੰਬਈ ਵਿੱਚ ਲੁਕਿਆ ਹੋਇਆ ਸੀ। ਉਸ ਦੀ ਗ੍ਰਿਫ਼ਤਾਰੀ ਨਾਲ ਬਾਲੀਵੁੱਡ ਦੇ ਇੱਕ ਪ੍ਰਮੁੱਖ ਅਦਾਕਾਰ ‘ਤੇ ਗੋਲੀਬਾਰੀ ਕਰਨ ਦੀ ਸਾਜ਼ਿਸ਼ ਵੀ ਬੇਨਕਾਬ ਹੋਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੇ ਦੀਪ ਨੂੰ ਮੁੰਬਈ ਵਿੱਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਕਥਿਤ ਤੌਰ ‘ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਅਦਾਕਾਰ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਉਸ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਅਦਾਕਾਰ ਦੀ ਪਛਾਣ ਜਨਤਕ ਨਹੀਂ ਕੀਤੀ। ਫਿਲਹਾਲ ਪੁਲਿਸ ਵੱਲੋਂ ਗੈਂਗਸਟਰ ਨੈੱਟਵਰਕ ਅਤੇ ਇਸ ਸਾਜ਼ਿਸ਼ ਨਾਲ ਜੁੜੇ ਹੋਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
