ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਟਰੇਡ ਡੀਲ ਦੇ ਪਹਿਲੇ ਪੜਾਅ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ (BTA) ਸਬੰਧੀ ਗੱਲਬਾਤ ਜਾਰੀ ਹੈ। ਇਸ ਦੌਰਾਨ ਅਮਰੀਕਾ ਨੇ ਭਾਰਤ ਨੂੰ ਟੈਰਿਫ ਦੇ ਮਾਮਲੇ ਵਿੱਚ ਹੋਰ ਮੁਕਾਬਲੇਬਾਜ਼ ਅਰਥਵਿਵਸਥਾਵਾਂ ਦੇ ਮੁਕਾਬਲੇ ਫਾਇਦਾ ਦੇਣ ਦਾ ਭਰੋਸਾ ਦਿੱਤਾ ਹੈ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ, ਪ੍ਰਸਤਾਵਿਤ ਸਮਝੌਤੇ ਤਹਿਤ ਭਾਰਤ ਨੂੰ ਟੈਰਿਫ ਦੇ ਢਾਂਚੇ ਵਿੱਚ ਵਿਸ਼ੇਸ਼ ਰਾਹਤ ਮਿਲ ਸਕਦੀ ਹੈ। ਹਾਲਾਂਕਿ ਇਹ ਫਾਇਦਾ ਕਿਸ ਤਰ੍ਹਾਂ ਅਤੇ ਕਿੰਨਾ ਹੋਵੇਗਾ, ਇਸ ਬਾਰੇ ਅੰਤਿਮ ਫੈਸਲਾ ਸਮਝੌਤੇ ਦੀਆਂ ਸ਼ਰਤਾਂ ਤੈਅ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਅਧਿਕਾਰੀ ਨੇ ਦੱਸਿਆ ਕਿ ਭਾਰਤ ਦਾ ਟੀਚਾ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨਾ ਹੈ। ਇਸ ਦੇ ਨਾਲ ਹੀ ਪਹਿਲੇ ਪੜਾਅ ਅਤੇ ਪੂਰੇ ਦੁਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਵੀ ਨਾਲੋ-ਨਾਲ ਚੱਲ ਰਹੀ ਹੈ।
ਸਮਝੌਤੇ ਦੇ ਪਹਿਲੇ ਪੜਾਅ ਵਿੱਚ ਸੇਵਾਵਾਂ ਨਾਲ ਸਬੰਧਤ ਮੁੱਦਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਨ੍ਹਾਂ ਵਿਸ਼ਿਆਂ ‘ਤੇ ਦੂਜੇ ਪੜਾਅ ਦੀ ਗੱਲਬਾਤ ਦੌਰਾਨ ਵਿਚਾਰ ਕੀਤਾ ਜਾਵੇਗਾ, ਜੋ ਵਿਆਪਕ BTA ਦਾ ਹਿੱਸਾ ਹੋਵੇਗਾ।
ਅਧਿਕਾਰੀ ਅਨੁਸਾਰ, ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲਾ ਅੰਤਿਮ ਸਮਝੌਤਾ ਕਾਨੂੰਨੀ ਦਸਤਾਵੇਜ਼ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। ਇਸ ਵਿੱਚ ਕਸਟਮ ਡਿਊਟੀ ਅਤੇ ਵਪਾਰ ਨੂੰ ਆਸਾਨ ਬਣਾਉਣ ਲਈ ਵੱਖਰਾ ਅਧਿਆਇ ਵੀ ਸ਼ਾਮਲ ਹੋਵੇਗਾ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਭਾਰਤ ਨੂੰ ਟੈਰਿਫ ਦੇ ਮੋਰਚੇ ‘ਤੇ ਕਿੰਨੀ ਰਾਹਤ ਮਿਲਦੀ ਹੈ।
