ਬੈਂਗਲੁਰੂ: ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਨੇ ਅੱਜ , ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸਿੱਧਰਮਈਆ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਬੀਤੇ ਦਿਨ, ਰਾਜਪਾਲ ਦੀ ਗੈਰਹਾਜ਼ਰੀ ਵਿੱਚ, ਸਿੱਧਰਮਈਆ ਨੇ ਇੱਥੇ ਲੋਕ ਭਵਨ ਵਿੱਚ ਰਾਜਪਾਲ ਦੇ ਵਿਸ਼ੇਸ਼ ਸਕੱਤਰ ਨੂੰ ਆਪਣਾ ਅਸਤੀਫ਼ਾ ਸੌਂਪਿਆ ਸੀ।
ਇੱਕ ਨੋਟੀਫਿਕੇਸ਼ਨ ਵਿੱਚ, ਰਾਜਪਾਲ ਨੇ ਕਿਹਾ, “ਭਾਰਤ ਦੇ ਸੰਵਿਧਾਨ ਦੀ ਧਾਰਾ 164(1) ਦੇ ਤਹਿਤ ਮੈਨੂੰ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਮੈਂ, ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦਾ ਅਸਤੀਫ਼ਾ ਸਵੀਕਾਰ ਕਰਦਾ ਹਾਂ,ਅਤੇ ਉਨ੍ਹਾਂ ਦੀ ਅਗਵਾਈ ਵਾਲੀ ਮੰਤਰੀ ਪ੍ਰੀਸ਼ਦ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਦਾ ਹਾਂ।”
ਉਨ੍ਹਾਂ ਅੱਗੇ ਕਿਹਾ ਕਿ ਸਿੱਧਰਮਈਆ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ ਜਦੋਂ ਤੱਕ ਕੋਈ ਵਿਕਲਪਿਕ ਪ੍ਰਬੰਧ ਨਹੀਂ ਹੋ ਜਾਂਦਾ। ਸਿੱਧਰਮਈਆ ਅਤੇ ਉਨ੍ਹਾਂ ਦੇ ਡਿਪਟੀ, ਡੀ.ਕੇ. ਸ਼ਿਵਕੁਮਾਰ – ਜਿਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਉੱਤਰਾਧਿਕਾਰੀ ਲਈ ਸਭ ਤੋਂ ਵੱਧ ਸੰਭਾਵਿਤ ਉਮੀਦਵਾਰ ਮੰਨਿਆ ਜਾਂਦਾ ਹੈ । ਦੋਵੇਂ ਇਸ ਸਮੇਂ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਅਤੇ ਸੱਤਾ ਦੇ ਤਬਾਦਲੇ ਅਤੇ ਨਵੇਂ ਮੰਤਰੀ ਮੰਡਲ ਦੇ ਗਠਨ ਬਾਰੇ ਚਰਚਾ ਕਰਨ ਲਈ ਦਿੱਲੀ ਵਿੱਚ ਹਨ।
ਮੀਟਿੰਗ ਵਿੱਚ ਸ਼ਾਮਲ ਕਈ ਮੰਤਰੀਆਂ ਨੇ ਖੁਲਾਸਾ ਕੀਤਾ ਕਿ ਵੀਰਵਾਰ ਨੂੰ ਉਨ੍ਹਾਂ ਦੇ ਘਰ ਆਪਣੇ ਕੈਬਨਿਟ ਸਾਥੀਆਂ ਲਈ ਆਯੋਜਿਤ ਨਾਸ਼ਤੇ ਦੇ ਇਕੱਠ ਦੌਰਾਨ, ਸਿੱਧਰਮਈਆ ਨੇ ਮੰਤਰੀਆਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ, ਇਹ ਕਹਿੰਦੇ ਹੋਏ ਕਿ – ਕਾਂਗਰਸ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ – ਸ਼ਿਵਕੁਮਾਰ ਉਨ੍ਹਾਂ ਦੇ ਉੱਤਰਾਧਿਕਾਰੀ ਹੋਣਗੇ।
ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਕਾਂਗਰਸ ਹਾਈ ਕਮਾਂਡ ਨੇ ਸਿੱਧਰਮਈਆ ਨੂੰ ਰਾਜ ਦੇ ਅੰਦਰ ਲੀਡਰਸ਼ਿਪ ਵਿੱਚ ਤਬਦੀਲੀ ਲਈ ਰਾਹ ਪੱਧਰਾ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਪਾਰਟੀ ਦੇ ਅੰਦਰ ਇੱਕ ਕੇਂਦਰੀ ਭੂਮਿਕਾ, ਰਾਜ ਸਭਾ ਸੀਟ ਸਮੇਤ, ਦੀ ਪੇਸ਼ਕਸ਼ ਕੀਤੀ। ਸਿੱਧਰਮਈਆ ਨੇ ਕੇਂਦਰੀ ਭੂਮਿਕਾ ਸਵੀਕਾਰ ਨਹੀਂ ਕੀਤੀ ਹੈ।
ਸੂਤਰਾਂ ਅਨੁਸਾਰ, ਸਿੱਧਰਮਈਆ ਨੇ ਪਾਰਟੀ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ ਤੋਂ ਸਿੱਧਾ ਸੁਨੇਹਾ ਮਿਲਣ ਤੋਂ ਬਾਅਦ ਆਪਣਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ। ਪਾਰਟੀ ਨੇ ਮੰਗਲਵਾਰ ਨੂੰ ਸਿੱਧਰਮਈਆ ਅਤੇ ਸ਼ਿਵਕੁਮਾਰ ਦੋਵਾਂ ਨੂੰ ਦਿੱਲੀ ਬੁਲਾਇਆ ਸੀ, ਜਿੱਥੇ ਰਾਹੁਲ ਗਾਂਧੀ, ਏ.ਆਈ.ਸੀ.ਸੀ. ਪ੍ਰਧਾਨ ਮਲਿਕਾਰੁਜਨ ਖੜਗੇ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਸੁਰਜੇਵਾਲਾ ਨਾਲ ਕਾਂਗਰਸ ਹੈੱਡਕੁਆਰਟਰ ‘ਤੇ ਕਈ ਮੀਟਿੰਗਾਂ ਕੀਤੀਆਂ ਗਈਆਂ।












