ਅਮਰੀਕਾ : ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਮਰੀਕਾ ਪਹੁੰਚ ਗਏ ਹਨ। ਉਹ ਅਮਰੀਕਾ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਵਿੱਚ ਹਿੱਸਾ ਲੈਣਗੇ। ਨਾਲ ਹੀ 27 ਸਤੰਬਰ ਨੂੰ ਮਹਾਧਿਵੇਸ਼ਨ ਨੂੰ ਸੰਬੋਧਨ ਕਰਨਗੇ। ਇਸੇ ਦੌਰਾਨ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ (US Secretary of State Marco Rubio) ਨਾਲ ਮੁਲਾਕਾਤ ਕੀਤੀ ਹੈ। ਦੋਵੇਂ ਆਗੂਆਂ ਦੀ ਮੁਲਾਕਾਤ ਨਿਊਯਾਰਕ ਵਿੱਚ ਹੋਈ ਹੈ। ਦੋਵੇਂ ਆਗੂ ਅਜਿਹੇ ਸਮੇਂ ਮਿਲ ਰਹੇ ਹਨ ਜਦੋਂ ਟੈਰਿਫ ਅਤੇ ਵੀਜ਼ਾ ਦੇ ਮਸਲਿਆਂ ‘ਤੇ ਦੋਵੇਂ ਦੇਸ਼ਾਂ ਵਿੱਚ ਤਣਾਅ ਜਾਰੀ ਹੈ।
50 ਪ੍ਰਤੀਸ਼ਤ ਟੈਰਿਫ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ
ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਤੋਂ ਬਾਅਦ ਇਹ ਰੂਬੀਓ ਅਤੇ ਜੈਸ਼ੰਕਰ ਦੇ ਵਿਚਕਾਰ ਇਹ ਪਹਿਲੀ ਆਮ੍ਹਣੇ-ਸਾਮ੍ਹਣੇ ਦੀ ਮੁਲਾਕਾਤ ਹੈ। ਜੈਸ਼ੰਕਰ ਨੇ ਐਕਸ ‘ਤੇ ਪੋਸਟ ਵਿੱਚ ਕਿਹਾ, ‘ਨਿਊਯਾਰਕ ਵਿੱਚ ਮਿਲ ਕੇ ਚੰਗਾ ਲੱਗਾ। ਸਾਡੀ ਗੱਲਬਾਤ ਵਿੱਚ ਮੌਜੂਦਾ ਚਿੰਤਾ ਦੇ ਕਈ ਦੁਵੱਲੇ ਅਤੇ ਅੰਤਰਰਾਸ਼ਟਰੀ ਮੁੱਦੇ ਸ਼ਾਮਲ ਰਹੇ। ਤਰਜੀਹੀ ਖੇਤਰਾਂ ਵਿੱਚ ਪ੍ਰਗਤੀ ਲਈ ਨਿਰੰਤਰ ਸਹਿਯੋਗ ਦੇ ਮਹੱਤਵ ‘ਤੇ ਸਹਿਮਤੀ ਬਣੀ। ਅਸੀਂ ਸੰਪਰਕ ਵਿੱਚ ਬਣੇ ਰਹਾਂਗੇ।’ ਇਹ ਮੀਟਿੰਗ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ, ਜੋ ਹਾਲ ਹੀ ਦੇ ਮਹੀਨਿਆਂ ਵਿੱਚ ਤਣਾਅਪੂਰਨ ਹੋ ਗਏ ਸਨ, ਪਰ ਹੁਣ ਸੁਧਾਰ ਦੇ ਸੰਕੇਤ ਦੇ ਰਹੇ ਹਨ।
ਕੀ ਕਿਹਾ ਰੂਬੀਓ ਨੇ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਅਹਿਮ ਦੱਸਿਆ। ਉਨ੍ਹਾਂ ਨੇ ਰੱਖਿਆ, ਵਪਾਰ, ਊਰਜਾ, ਦਵਾਈਆਂ ਅਤੇ ਕ੍ਰਿਟੀਕਲ ਮਿਨਰਲਸ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ। ਰੂਬੀਓ ਨੇ ਕਿਹਾ ਕਿ ਅਮਰੀਕਾ ਲਈ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਹਿਮ ਸਥਾਨ ਰੱਖਦਾ ਹੈ। ਉਨ੍ਹਾਂ ਨੇ ਕਵਾਡ ਭਾਈਵਾਲੀ ਵਿੱਚ ਮਿਲ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ।
ਪਿਊਸ਼ ਗੋਇਲ ਵੀ ਅਮਰੀਕਾ ਵਿੱਚ
ਜੈਸ਼ੰਕਰ ਤੋਂ ਇਲਾਵਾ, ਵਣਜ ਮੰਤਰੀ ਪਿਊਸ਼ ਗੋਇਲ ਵੀ ਅਮਰੀਕਾ ਦਾ ਦੌਰਾ ਉੱਤੇ ਰਹਿਣਗੇ। ਗੋਇਲ ਆਪਣੇ ਅਮਰੀਕੀ ਹਮਰੁਤਬਾ ਨਾਲ ਵਪਾਰ ਦੇ ਮੁੱਦੇ ‘ਤੇ ਚਰਚਾ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਟੈਰਿਫ ਦੇ ਮਸਲੇ ‘ਤੇ ਗੰਭੀਰ ਚਰਚਾ ਹੋਣ ਦੀ ਉਮੀਦ ਹੈ।
ਟਰੰਪ ਨੇ ਲਏ ਭਾਰਤ ਨੂੰ ਨੁਕਸਾਨ ਪਹੁੰਚਣ ਵਾਲੇ ਫ਼ੈਸਲੇ
ਟਰੰਪ ਪ੍ਰਸ਼ਾਸਨ ਨੇ ਬੀਤੇ ਕੁਝ ਹਫ਼ਤਿਆਂ ਵਿੱਚ, ਇੱਕ ਤੋਂ ਬਾਅਦ ਇੱਕ ਫ਼ੈਸਲਾ ਲਿਆ ਹੈ ਜੋ ਸਿੱਧੇ ਤੌਰ ‘ਤੇ ਭਾਰਤੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਹਿਲਾ 7 ਅਗਸਤ ਨੂੰ 25% ਟੈਰਿਫ ਲਗਾਉਣਾ ਸੀ। ਫਿਰ, 27 ਅਗਸਤ ਤੋਂ, ਰੂਸੀ ਤੇਲ ਦੀ ਖਰੀਦ ‘ਤੇ 25% ਵਾਧੂ ਟੈਰਿਫ ਲਗਾਇਆ ਗਿਆ। ਫਿਰ, ਚਾਬਹਾਰ ਬੰਦਰਗਾਹ ‘ਤੇ ਪਾਬੰਦੀਆਂ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤੋਂ ਬਾਅਦ, H-1B ਵੀਜ਼ਾ ਸੰਬੰਧੀ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ, ਜਿਸਦਾ ਭਾਰਤੀ ਪੇਸ਼ੇਵਰਾਂ ‘ਤੇ ਸਭ ਤੋਂ ਵੱਧ ਪ੍ਰਭਾਵ ਪੈਣ ਦੀ ਉਮੀਦ ਹੈ।
