ਨਵੀਂ ਦਿੱਲੀ: ਭਾਰਤ ਵਿੱਚ ਫਾਰਮੂਲਾ ਵਨ ਰੇਸ ਦੀ ਵਾਪਸੀ ਲਈ ਸਰਕਾਰ ਨੇ ਕਦਮ ਚੁੱਕਿਆ ਹੈ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ 10 ਮੈਂਬਰੀ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਦਾ ਉਦੇਸ਼ ਭਾਰਤ ਦੇ ਮੋਟਰਸਪੋਰਟਸ ਈਕੋਸਿਸਟਮ ਦਾ ਮੁਲਾਂਕਣ ਕਰਨਾ ਅਤੇ ਦੇਸ਼ ਵਿੱਚ 2028 ਵਿੱਚ ਫਾਰਮੂਲਾ ਵਨ ਗ੍ਰਾਂ ਪ੍ਰੀ ਕਰਵਾਉਣ ਦੀ ਸੰਭਾਵਨਾ ਦੀ ਜਾਂਚ ਕਰਨਾ ਹੈ।
ਟਾਸਕ ਫੋਰਸ ਦੀ ਅਗਵਾਈ ਨੀਤੀ ਆਯੋਗ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਸਲਾਹਕਾਰ ਯੁਗਲ ਕਿਸ਼ੋਰ ਜੋਸ਼ੀ ਕਰਨਗੇ। ਕਮੇਟੀ ਵਿੱਚ ਖੇਡ ਮੰਤਰਾਲੇ ਦੇ ਜੁਆਇੰਟ ਸਕੱਤਰ ਕੁਨਾਲ ਤੋਂ ਇਲਾਵਾ ਮੋਟਰਸਪੋਰਟਸ ਸੰਸਥਾਵਾਂ, ਟੂਰਿਜ਼ਮ ਅਤੇ ਕਾਮਰਸ ਵਿਭਾਗਾਂ ਅਤੇ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਮਾਂਡਵੀਆ ਮੁਤਾਬਕ ਟਾਸਕ ਫੋਰਸ ਭਾਰਤ ਵਿੱਚ ਮੋਟਰਸਪੋਰਟਸ ਦੇ ਟਿਕਾਊ ਵਿਕਾਸ ਲਈ ਰੋਡਮੈਪ ਤਿਆਰ ਕਰੇਗੀ। ਇਸ ਦੇ ਨਾਲ ਹੀ ਕਮੇਟੀ ਉਨ੍ਹਾਂ ਚੁਣੌਤੀਆਂ ਦੀ ਪਛਾਣ ਕਰੇਗੀ, ਜਿਨ੍ਹਾਂ ਕਾਰਨ ਦੇਸ਼ ਵਿੱਚ ਵੱਡੇ ਮੋਟਰਸਪੋਰਟਸ ਮੁਕਾਬਲੇ ਕਰਵਾਉਣ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸ ਵਿੱਚ ਟੈਕਸ ਅਤੇ ਹੋਰ ਨੀਤੀਗਤ ਮੁੱਦੇ ਵੀ ਸ਼ਾਮਲ ਹਨ।
ਭਾਰਤ ਵਿੱਚ ਆਖਰੀ ਫਾਰਮੂਲਾ ਵਨ ਰੇਸ 2013 ਵਿੱਚ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਿਟ ’ਤੇ ਹੋਈ ਸੀ। ਭਾਰਤੀ ਗ੍ਰਾਂ ਪ੍ਰੀ ਦੀ ਸ਼ੁਰੂਆਤ 2011 ਵਿੱਚ ਹੋਈ ਸੀ ਅਤੇ 2011 ਤੋਂ 2013 ਤੱਕ ਤਿੰਨ ਰੇਸਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਟੈਕਸ ਅਤੇ ਪ੍ਰਸ਼ਾਸਨਿਕ ਮੁੱਦਿਆਂ ਸਮੇਤ ਕਈ ਚੁਣੌਤੀਆਂ ਕਾਰਨ ਭਾਰਤ F1 ਕੈਲੰਡਰ ਤੋਂ ਬਾਹਰ ਹੋ ਗਿਆ।
ਨਵੀਂ ਟਾਸਕ ਫੋਰਸ ਮੋਟਰਸਪੋਰਟਸ ਨਾਲ ਜੁੜੇ ਬੁਨਿਆਦੀ ਢਾਂਚੇ, ਨਿਯਮਾਂ, ਨਿਵੇਸ਼ ਅਤੇ ਨੀਤੀਗਤ ਪੱਖਾਂ ਦਾ ਵੀ ਅਧਿਐਨ ਕਰੇਗੀ। ਕਮੇਟੀ ਵੱਲੋਂ ਵੱਡੇ ਅੰਤਰਰਾਸ਼ਟਰੀ ਮੋਟਰਸਪੋਰਟਸ ਮੁਕਾਬਲਿਆਂ ਦੇ ਆਰਥਿਕ, ਟੂਰਿਜ਼ਮ ਅਤੇ ਨਿਵੇਸ਼ ਨਾਲ ਜੁੜੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ।












