ਨੇਪਾਲ : ਨੇਪਾਲ ਵਿੱਚ ਹੋ ਰਹੀ ਭਾਰੀ ਮੀਂਹ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਉੱਥੇ ਹੀ, ਭਾਰੀ ਮੀਂਹ ਦੇ ਕਾਰਨ ਹੋਏ ਭੂ-ਸਖਲਨ ਵਿੱਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਅਨੁਸਾਰ, ਇਲਾਮ ਜ਼ਿਲ੍ਹੇ ਦੇ ਸੂਰਯੁਦੈ ਨਗਰਪਾਲਿਕਾ ਦੇ ਮਾਨੇਭੰਜਿਆਂਗ ਖੇਤਰ ਵਿੱਚ ਪੰਜ ਲੋਕਾਂ ਦੀ ਮੌਤ ਹੋਈ, ਜਦਕਿ ਪਾਟੇਗਾਂਵ, ਮਾਂਸੇਬੰਗ, ਡੇਉਮਾ, ਧੁਸੁਨੀ, ਰਾਤਮਾਟੇ ਅਤੇ ਘੋਸ਼ਾਂਗ ਖੇਤਰਾਂ ਵਿੱਚ ਨੌਂ ਹੋਰ ਲੋਕਾਂ ਦੀ ਜਾਨ ਗਈ।
ਨੇਪਾਲ ਦੇ ਇਨ੍ਹਾਂ ਸੂਬਿਆਂ ਵਿੱਚ ਮਾਨਸੂਨ ਸਰਗਰਮ
ਨੇਪਾਲੀ ਫੌਜ ਨੇ ਬਚਾਅ ਕਾਰਜਾਂ ਲਈ ਇੱਕ ਹੈਲੀਕਾਪਟਰ ਭੇਜਿਆ ਹੈ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ, ਮਾੜੇ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਨੇਪਾਲ ਦੇ ਸੱਤ ਸੂਬਿਆਂ ਵਿੱਚੋਂ ਪੰਜ ਵਿੱਚ ਮੌਨਸੂਨ ਸਰਗਰਮ ਹੈ। ਜਿਨ੍ਹਾਂ ਵਿੱਚ ਕੋਸ਼ੀ, ਮਦੇਸ਼ੀ, ਬਾਗਮਤੀ, ਗੰਡਕੀ ਅਤੇ ਲੁੰਬਿਨੀ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿੱਚ ਬੀਤੇ ਦਿਨ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।
ਕਾਠਮੰਡੂ ਘਾਟੀ ਵਿੱਚ ਦਾਖਲ ਹੋਣ ਅਤੇ ਜਾਣ ਵਾਲੇ ਵਾਹਨਾਂ ‘ਤੇ ਪਾਬੰਦੀ
ਨੇਪਾਲੀ ਅਧਿਕਾਰੀਆਂ ਨੇ ਲਗਾਤਾਰ ਮੀਂਹ ਅਤੇ ਅਗਲੇ ਤਿੰਨ ਦਿਨਾਂ ਤੱਕ ਭੂ-ਖਿਸਕਣ ਦੀ ਸੰਭਾਵਨਾ ਕਾਰਨ ਬੀਤੇ ਦਿਨ ਕਾਠਮੰਡੂ ਵਿੱਚ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਤੋਂ ਸੋਮਵਾਰ ਤੱਕ ਕਾਠਮੰਡੂ ਘਾਟੀ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਗਲੇ ਤਿੰਨ ਦਿਨਾਂ ਤੱਕ ਲੰਬੀ ਦੂਰੀ ਦੇ ਵਾਹਨ ਨਾ ਚਲਾਉਣ ਲਈ ਕਿਹਾ ਹੈ ਜਦੋਂ ਤੱਕ ਕੋਈ ਐਮਰਜੈਂਸੀ ਨਾ ਹੋਵੇ।
ਭਾਰੀ ਮੀਂਹ ਕਾਰਨ ਕਾਠਮੰਡੂ ਨੂੰ ਤਿੱਬਤ ਨਾਲ ਜੋੜਨ ਵਾਲੇ ਅਰਾਨਿਕੋ ਰਾਜਮਾਰਗ ‘ਤੇ ਵੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਹੜ੍ਹ ਅਤੇ ਭੂ-ਖਿਸਕਣ ਦੀਆਂ ਲਗਾਤਾਰ ਘਟਨਾਵਾਂ ਕਾਰਨ ਪ੍ਰਿਥਵੀ ਰਾਜਮਾਰਗ, ਸਿਧਾਰਥ ਰਾਜਮਾਰਗ, ਬੀ.ਪੀ. ਰਾਜਮਾਰਗ ਅਤੇ ਅਰਾਨਿਕੋ ਰਾਜਮਾਰਗ ‘ਤੇ ਵਾਹਨ ਚਲਾਉਣਾ ਖਾਸ ਤੌਰ ‘ਤੇ ਖਤਰਨਾਕ ਹੈ।
