Home ਸੰਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ’ਚ ਲਾਂਚ ਕੀਤੇ ਮਾਰਕਫੈੱਡ ਦੇ ਦੋ...

ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ’ਚ ਲਾਂਚ ਕੀਤੇ ਮਾਰਕਫੈੱਡ ਦੇ ਦੋ ਨਵੇਂ ਉਤਪਾਦ

0

ਪੈਰਿਸ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਰਵਾਈ ਜਾ ਰਹੀ ਕੌਮਾਂਤਰੀ ਖ਼ੁਰਾਕ ਪ੍ਰਦਰਸ਼ਨੀ ‘ਐੱਸਆਈਏਐੱਲ ਪੈਰਿਸ 2026’ ਵਿੱਚ ਮਾਰਕਫੈੱਡ ਦੇ ਦੋ ਨਵੇਂ ਉਤਪਾਦ ਲਾਂਚ ਕੀਤੇ। ਇਨ੍ਹਾਂ ਉਤਪਾਦਾਂ ਵਿੱਚ ‘ਸੋਹਣਾ’ ਬ੍ਰਾਂਡ ਤਹਿਤ ਕੈਨਡ ਚਿੱਟੇ ਛੋਲੇ ਅਤੇ ਕੈਨਡ ਰਾਜਮਾਂਹ ਸ਼ਾਮਲ ਹਨ। ਮੁੱਖ ਮੰਤਰੀ ਨੇ ਇੰਡੀਆ ਪੈਵੇਲੀਅਨ ਵਿੱਚ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਵੀ ਕੀਤਾ।

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਮੁਤਾਬਕ, ਇਨ੍ਹਾਂ ਉਤਪਾਦਾਂ ਦੀ ਸ਼ੁਰੂਆਤ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਖ਼ੁਰਾਕੀ ਉਤਪਾਦਾਂ ਨੂੰ ਕੌਮਾਂਤਰੀ ਮੰਚ ’ਤੇ ਪੇਸ਼ ਕਰਨ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ।

ਪ੍ਰਦਰਸ਼ਨੀ ਵਿੱਚ ਮਾਰਕਫੈੱਡ, ਮਿਲਕਫੈੱਡ ਦੇ ਵੇਰਕਾ ਬ੍ਰਾਂਡ ਅਤੇ ਪੰਜਾਬ ਐਗਰੋ ਵੱਲੋਂ ਸਾਂਝੇ ਤੌਰ ’ਤੇ ‘ਪੰਜਾਬ ਮਾਰਟ’ ਤਹਿਤ ਸੂਬੇ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਖ਼ੁਰਾਕੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਧਾਉਣ ਅਤੇ ਸੂਬੇ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।

ਮਾਰਕਫੈੱਡ ਪੰਜਾਬ ਦੀ ਸਹਿਕਾਰੀ ਮਾਰਕੀਟਿੰਗ ਸੰਸਥਾ ਹੈ, ਜਦਕਿ ਮਿਲਕਫੈੱਡ ਵੇਰਕਾ ਬ੍ਰਾਂਡ ਤਹਿਤ ਆਪਣੇ ਉਤਪਾਦ ਪੇਸ਼ ਕਰਦਾ ਹੈ। ਕੌਮਾਂਤਰੀ ਪ੍ਰਦਰਸ਼ਨੀ ਵਿੱਚ ਇਨ੍ਹਾਂ ਉਤਪਾਦਾਂ ਦੀ ਪੇਸ਼ਕਾਰੀ ਰਾਹੀਂ ਪੰਜਾਬ ਦੇ ਖ਼ੁਰਾਕੀ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚਾਉਣ ਦੇ ਮੌਕਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version