Homeਦੇਸ਼FSSAI ਨੇ ਐਵਰੈਸਟ ਤੇ ਲਾਲਜੀ ਗੋਧੂ ਦੇ ਹਿੰਗ 'ਤੇ ਲਗਾਈ ਪਾਬੰਦੀ

FSSAI ਨੇ ਐਵਰੈਸਟ ਤੇ ਲਾਲਜੀ ਗੋਧੂ ਦੇ ਹਿੰਗ ‘ਤੇ ਲਗਾਈ ਪਾਬੰਦੀ

ਮੁੰਬਈ: ਹਿੰਗ ਦੀ ਗੁਣਵੱਤਾ ਦੇ ਮਿਆਰਾਂ ‘ਤੇ ਖਰਾ ਨਾ ਉਤਰਨ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ.) ਨੇ ਤੁਰੰਤ ਪ੍ਰਭਾਵ ਨਾਲ ਦੋ ਪ੍ਰਮੁੱਖ ਮਸਾਲਾ ਬ੍ਰਾਂਡਾਂ ‘ਐਵਰੈਸਟ ਫੂਡ ਪ੍ਰੋਡਕਟਸ’ ਅਤੇ ‘ਲਾਲਜੀ ਗੋਧੂ ਐਂਡ ਕੰਪਨੀ (ਐਲ.ਜੀ)’ ਦੀ ‘ਕੰਪਾਊਂਡਡ ਹਿੰਗ’ (ਪ੍ਰੋਸੈਸਡ ਹੀਂਗ) ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।

ਐਫ.ਐਸ.ਐਸ.ਏ.ਆਈ. ਨੇ ‘ਐਕਸ’ ‘ਤੇ ਇਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ‘ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੇ ਤਹਿਤ, ਦੋਵਾਂ ਕੰਪਨੀਆਂ ਦੇ ਖ਼ਿਲਾਫ਼ ਵਿਕਰੀ ‘ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੀਂਗ ਦੀ ਗੁਣਵੱਤਾ ਬਾਰੇ ਖਪਤਕਾਰਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ, ਅਥਾਰਟੀ ਨੇ ਬਾਜ਼ਾਰ ਵਿੱਚ ਉਪਲਬਧ ਸਟਾਕ ਤੋਂ ਲੈ ਕੇ ਮੁੰਬਈ-ਗੁਜਰਾਤ ਸਥਿਤ ਇਨ੍ਹਾਂ ਕੰਪਨੀਆਂ ਦੇ ਪਲਾਂਟਾਂ ਤੱਕ ਇੱਕ ਵਿਆਪਕ ਨਿਰੀਖਣ ਮੁਹਿੰਮ ਚਲਾਈ ਸੀ। ਇਸ ਦੌਰਾਨ ਲੈਬਾਰਟਰੀ ਵਿੱਚ ਟੈਸਟ ਕੀਤੇ ਗਏ ਦੋਵਾਂ ਕੰਪਨੀਆਂ ਦੇ ਸਾਰੇ ਸੈਂਪਲ ਘਟੀਆ ਅਤੇ ਨਿਰਧਾਰਿਤ ਮਾਪਦੰਡਾਂ ਤੋਂ ਬਹੁਤ ਘੱਟ ਪਾਏ ਗਏ। ਲੈਬਾਰਟਰੀ ਦੀ ਜਾਂਚ ਰਿਪੋਰਟ ਵਿੱਚ ਹੀਂਗ ਦੇ ਨਿਰਮਾਣ ਵਿੱਚ ਵੱਡੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ।

ਫੂਡ ਸੇਫਟੀ ਰੈਗੂਲੇਸ਼ਨਜ਼ 2011 ਦੇ ਤਹਿਤ ਪ੍ਰਯੋਗਸ਼ਾਲਾ ਵਿੱਚ ਹੀਂਗ ਦੀ ਗੁਣਵੱਤਾ ਅਤੇ ਸ਼ੁੱਧਤਾ ਦੀ ਜਾਂਚ ਕਰਦੇ ਸਮੇਂ, ਇਹ ਦੇਖਿਆ ਜਾਂਦਾ ਹੈ ਕਿ ਮਿਸ਼ਰਤ ਹਿੰਗ ਦਾ ਘੱਟੋ-ਘੱਟ ਪੰਜ ਪ੍ਰਤੀਸ਼ਤ ਅਲਕੋਹਲ ਵਿੱਚ ਘੁਲਣਸ਼ੀਲ ਹੈ ਜਾਂ ਨਹੀਂ। ਜੇਕਰ ਅਜਿਹਾ ਨਹੀਂ ਹੈ, ਤਾਂ ਇਸ ਦਾ ਮਤਲਬ ਹੈ ਕਿ ਉਤਪਾਦ ਵਿੱਚ ਅਸਲ ਕੱਚੇ ਹੀਂਗ ਦੀ ਲੋੜੀਂਦੀ ਮੌਜੂਦਗੀ ਨਹੀਂ ਹੈ, ਪਰ ਜਾਂਚ ਦੌਰਾਨ ਇਨ੍ਹਾਂ ਨਮੂਨਿਆਂ ਵਿੱਚ ਇਸ ਤੱਤ ਦਾ ਸਿਰਫ 0-3 ਪ੍ਰਤੀਸ਼ਤ ਘੁਲਣਸ਼ੀਲ ਪਾਇਆ ਗਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਤਪਾਦਕ ਕੰਪਨੀਆਂ ਨਿਰਧਾਰਿਤ ਮਿਆਰਾਂ ਨਾਲੋਂ 30-40 ਪ੍ਰਤੀਸ਼ਤ ਘੱਟ ਕੱਚੇ ਹੀਂਗ ਦੀ ਵਰਤੋਂ ਕਰ ਰਹੀਆਂ ਸਨ। ਇਸ ਤੋਂ ਇਲਾਵਾ ਐਲ.ਜੀ ਦੀ ਮੁੰਬਈ ਇਕਾਈ ਤੋਂ ਇਕੱਠੇ ਕੀਤੇ ਕੱਚੇ ਹੀਂਗ ਦੀਆਂ ਛੇ ਵੱਖ-ਵੱਖ ਕਿਸਮਾਂ ਦੇ ਵਿਸ਼ਲੇਸ਼ਣ ਵਿਚ ਵੀ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਹਨ।

ਮਾਪਦੰਡਾਂ ਅਨੁਸਾਰ ਕੱਚੇ ਹੀਂਗ ਵਿੱਚ ਸਟਾਰਚ ਦੀ ਮਾਤਰਾ ਵੱਧ ਤੋਂ ਵੱਧ ਇੱਕ ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦੋਂ ਕਿ ਐਲ.ਜੀ ਦੇ ਨਮੂਨਿਆਂ ਵਿੱਚ ਸਟਾਰਚ ਦੀ ਮਾਤਰਾ 15-32 ਪ੍ਰਤੀਸ਼ਤ ਪਾਈ ਗਈ, ਜੋ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇਸ ਦੰਡਕਾਰੀ ਕਾਰਵਾਈ ਦੇ ਨਾਲ, ਐਫ.ਐਸ.ਐਸ.ਏ.ਆਈ. ਨੇ ਜਨਤਕ ਸਿਹਤ ਦੀ ਸੁਰੱਖਿਆ ਅਤੇ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਦੋਵਾਂ ਭੋਜਨ ਕਾਰੋਬਾਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਅਥਾਰਟੀ ਨੇ ਕੰਪਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਜ਼ਾਰ ਵਿੱਚ ਪਹਿਲਾਂ ਤੋਂ ਮੌਜੂਦ ਆਪਣੇ ਸਾਰੇ ਘਟੀਆ ਉਤਪਾਦਾਂ ਨੂੰ ਸਵੈ-ਇੱਛਾ ਨਾਲ ਵਾਪਸ ਮੰਗਵਾਉਣ। ਇਸ ਦੇ ਨਾਲ ਹੀ ਦੋਵਾਂ ਨਿਰਮਾਤਾਵਾਂ ਤੋਂ ਵਿਸਤ੍ਰਿਤ ਕਾਰਜ ਯੋਜਨਾ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਹ ਇਨ੍ਹਾਂ ਬੇਨਿਯਮੀਆਂ ਨੂੰ ਦੂਰ ਕਰਕੇ ਭਵਿੱਖ ਵਿੱਚ ਮਿਆਰੀ ਕੁਆਲਿਟੀ ਦੇ ਹੀਂਗ ਦਾ ਉਤਪਾਦਨ ਕਿਵੇਂ ਯਕੀਨੀ ਬਣਾਉਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments