ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾੜੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 81 ਸਾਲ ਦੀ ਉਮਰ ਵਿੱਚ ਮਹਾਰਾਸ਼ਟਰ ਦੇ ਪੁਣੇ ਵਿੱਚ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਨੂੰ ਅੱਜ ਦੁਪਹਿਰ 2 ਵਜੇ ਤੱਕ ਪੁਣੇ ਦੇ ਏਰੰਡਵਾਨੇ ਵਿੱਚ ਕਲਮਾੜੀ ਹਾਊਸ ਵਿੱਚ ਰੱਖਿਆ ਜਾਵੇਗਾ। ਦੁਪਹਿਰ ਕਰੀਬ 3:30 ਵਜੇ ਪੁਣੇ ਵਿੱਚ ਨਵੀ ਪੇਠ ਸਥਿਤ ਬੈਕੁੰਠ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਭਾਰਤੀ ਹਵਾਈ ਸੈਨਾ ਵਿੱਚ ਸਕੁਐਡਰਨ ਲੀਡਰ ਸਨ ਸੁਰੇਸ਼
ਦੱਸ ਦੇਈਏ ਕਿ ਸੁਰੇਸ਼ ਕਲਮਾੜੀ ਖੇਡ ਪ੍ਰਸ਼ਾਸਕ, ਸਾਬਕਾ ਕੇਂਦਰੀ ਮੰਤਰੀ, ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਹੇ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ 1964 ਤੋਂ 1972 ਤੱਕ ਸੁਰੇਸ਼ ਕਲਮਾੜੀ ਭਾਰਤੀ ਹਵਾਈ ਸੈਨਾ ਵਿੱਚ ਸਕੁਐਡਰਨ ਲੀਡਰ ਰਹੇ। 1960 ਦੇ ਦਹਾਕੇ ਵਿੱਚ ਐਨਡੀਏ ਪਾਸ ਕਰਕੇ ਉਨ੍ਹਾਂ ਨੇ ਹਵਾਈ ਸੈਨਾ ਜੁਆਇਨ ਕੀਤੀ ਸੀ ਅਤੇ 6 ਸਾਲ ਹਵਾਈ ਸੈਨਾ ਵਿੱਚ ਰਹਿਣ ਤੋਂ ਬਾਅਦ 1974 ਵਿੱਚ ਐਨਡੀਏ ਵਿੱਚ ਟ੍ਰੇਨਿੰਗ ਵੀ ਕੀਤੀ। ਹਵਾਈ ਸੈਨਾ ਵਿੱਚ ਰਹਿੰਦ ਹੋਏ ਸੁਰੇਸ਼ ਕਲਮਾਡੀ ਨੇ 1965 ਅਤੇ 1971 ਦੀਆਂ ਜੰਗਾਂ ਵਿੱਚ ਵੀ ਹਿੱਸਾ ਲਿਆ।
ਸੁਰੇਸ਼ ਨੂੰ ਸੰਜੇ ਗਾਂਧੀ ਲਿਆਏ ਸਨ ਰਾਜਨੀਤੀ ’ਚ
ਦੱਸ ਦੇਈਏ ਕਿ ਹਵਾਈ ਸੈਨਾ ਤੋਂ ਰਿਲੀਜ਼ ਹੋਣ ਤੋਂ ਬਾਅਦ ਸੁਰੇਸ਼ ਨੇ ਫਾਸਟ ਫੂਡ ਦਾ ਆਊਟਲੇਟ ਖੋਲ੍ਹ ਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੰਜੇ ਗਾਂਧੀ ਨਾਲ ਹੋਈ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਲਿਆਂਦਾ। ਸੁਰੇਸ਼ ਨੇ ਮਹਾਰਾਸ਼ਟਰ ਯੁਵਾ ਕਾਂਗਰਸ ਦੀ ਅਗਵਾਈ ਕੀਤੀ ਅਤੇ 1982 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜ ਦਿੱਤਾ। 1996 ਅਤੇ 2004 ਵਿੱਚ ਉਹ ਪੁਣੇ ਤੋਂ ਲੋਕ ਸਭਾ ਮੈਂਬਰ ਰਹੇ। ਇਸ ਵਿਚਕਾਰ 1995 ਅਤੇ 1996 ਵਿੱਚ ਨਰਸਿਮਹਾ ਰਾਓ ਸਰਕਾਰ ਵਿੱਚ ਰੇਲ ਰਾਜ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਰੇਲਵੇ ਬਜਟ ਪੇਸ਼ ਕੀਤਾ। 1996 ਵਿੱਚ, ਸੁਰੇਸ਼ ਕਲਮਾਡੀ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਉਨ੍ਹਾਂ ਨੇ ਦੋ ਵਾਰ ਚਾਰ ਸਾਲਾਂ ਦੇ ਕਾਰਜਕਾਲ ਲਈ ਬਿਨਾਂ ਵਿਰੋਧ ਸੇਵਾ ਨਿਭਾਈ।











