ਵਾਸ਼ਿੰਗਟਨ: ਅਮਰੀਕਾ ਦੇ ਦੱਖਣ-ਪੂਰਬੀ ਰਾਜ ਫਲੋਰੀਡਾ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਹੜ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜ ਦੇ ਗਵਰਨਰ ਰੋਨ ਡਿਸੈਂਟਿਸ ਮੁਤਾਬਕ, ਰਾਹਤ ਅਤੇ ਬਚਾਅ ਟੀਮਾਂ ਹੁਣ ਤੱਕ ਹੜ੍ਹ ਦੇ ਪਾਣੀ ਵਿੱਚ ਫਸੇ ਕਰੀਬ 500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕੀਆਂ ਹਨ।
ਸੈਂਟ ਜੌਹਨਜ਼ ਨਦੀ ਵਿੱਚ ਪਾਣੀ ਦਾ ਪੱਧਰ ਰਿਕਾਰਡ ਉਚਾਈ ਤੱਕ ਪਹੁੰਚ ਗਿਆ ਹੈ। ਹਾਲਾਤ ਨੂੰ ਦੇਖਦਿਆਂ ਰਾਜ ਸਰਕਾਰ ਨੇ ਕੇਂਦਰ ਸਰਕਾਰ ਕੋਲ ਵੱਡੀ ਆਫ਼ਤ ਐਲਾਨਣ ਦੀ ਮੰਗ ਕੀਤੀ ਹੈ।
ਕਈ ਇਲਾਕਿਆਂ ‘ਚ 20 ਇੰਚ ਤੱਕ ਮੀਂਹ
ਗਵਰਨਰ ਰੋਨ ਡਿਸੈਂਟਿਸ ਨੇ ਵੈਸਟ ਮੈਲਬੋਰਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਲੋਰੀਡਾ ਦੇ ਕੁਝ ਹਿੱਸਿਆਂ ਵਿੱਚ 15 ਤੋਂ 20 ਇੰਚ ਤੱਕ ਬਾਰਿਸ਼ ਦਰਜ ਕੀਤੀ ਗਈ ਹੈ। ਨੈਸ਼ਨਲ ਵੈਦਰ ਸਰਵਿਸ ਮੁਤਾਬਕ, ਜਨੇਵਾ ਨੇੜੇ ਲੇਕ ਹਾਰਨੀ ਵਿਖੇ ਸੈਂਟ ਜੌਹਨਜ਼ ਨਦੀ ਦਾ ਪਾਣੀ 13.1 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਹੜ੍ਹ ਦਾ ਖ਼ਤਰੇ ਵਾਲਾ ਪੱਧਰ 8 ਫੁੱਟ ਹੈ।
ਡੇਲੈਂਡ, ਐਸਟਰ ਅਤੇ ਸੈਨਫੋਰਡ ਵਰਗੇ ਇਲਾਕਿਆਂ ਵਿੱਚ ਵੀ ਨਦੀ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਨੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਪਾਣੀ ਨਾਲ ਭਰੀਆਂ ਸੜਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਹਸਪਤਾਲਾਂ ਵਿੱਚ ਵੀ ਭਰਿਆ ਪਾਣੀ
ਹੜ੍ਹਾਂ ਦਾ ਅਸਰ ਸਿਹਤ ਸੇਵਾਵਾਂ ‘ਤੇ ਵੀ ਪਿਆ ਹੈ। ਮੈਮੋਰੀਅਲ ਰੀਜਨਲ ਹਸਪਤਾਲ ਵਿੱਚ ਪਾਣੀ ਦਾਖ਼ਲ ਹੋਣ ਅਤੇ ਛੱਤ ਦੀਆਂ ਟਾਈਲਾਂ ਡਿੱਗਣ ਕਾਰਨ ਮਰੀਜ਼ਾਂ ਨੂੰ ਹੋਰ ਥਾਵਾਂ ‘ਤੇ ਭੇਜਣਾ ਪਿਆ। ਉੱਧਰ, ਸੈਨਫੋਰਡ ਸਥਿਤ ਐੱਚ.ਸੀ.ਏ. ਫਲੋਰੀਡਾ ਲੇਕ ਮੋਨਰੋ ਹਸਪਤਾਲ ਦੇ ਆਲੇ-ਦੁਆਲੇ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਵਿਸ਼ੇਸ਼ ਬੈਰੀਅਰ ਲਗਾਏ ਗਏ ਹਨ।
ਨੈਸ਼ਨਲ ਗਾਰਡ ਦੇ 421 ਜਵਾਨ ਤਾਇਨਾਤ
ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਨੈਸ਼ਨਲ ਗਾਰਡ ਦੇ 421 ਜਵਾਨਾਂ ਅਤੇ 54 ਉੱਚੀ ਗੱਡੀਆਂ ਨੂੰ ਛੇ ਕਾਊਂਟੀਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਅਤੇ ਜਨਤਕ ਢਾਂਚੇ ਨੂੰ ਹੜ੍ਹ ਤੋਂ ਬਚਾਉਣ ਲਈ 10 ਹਜ਼ਾਰ ਫੁੱਟ ਤੋਂ ਵੱਧ ਲੰਬੇ ਅਸਥਾਈ ਬੈਰੀਅਰ ਲਗਾਏ ਗਏ ਹਨ।
ਇਸ ਤੋਂ ਇਲਾਵਾ ਸਫ਼ਾਈ ਅਤੇ ਰਾਹਤ ਟੀਮਾਂ 250 ਤੋਂ ਵੱਧ ਜਾਇਦਾਦਾਂ ‘ਤੇ ਕੰਮ ਕਰ ਚੁੱਕੀਆਂ ਹਨ। ਉੱਥੇ ਹੀ 1,600 ਤੋਂ ਵੱਧ ਪ੍ਰਭਾਵਿਤ ਲੋਕ ਮਦਦ ਕੇਂਦਰਾਂ ਤੱਕ ਪਹੁੰਚੇ ਹਨ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।










